October 16, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਸਿਆਸੀ ਕਿਸਮਤ: ਇੱਕ-ਇੱਕ ਪਰਿਵਾਰ ’ਚ ਦੋ-ਦੋ ਕੌਂਸਲਰ

ਸਿਆਸੀ ਕਿਸਮਤ: ਇੱਕ-ਇੱਕ ਪਰਿਵਾਰ ’ਚ ਦੋ-ਦੋ ਕੌਂਸਲਰ

ਚੰਡੀਗੜ੍ਹ-  ਨਗਰ ਨਿਗਮ ਤੇ ਕੌਂਸਲਾਂ ’ਚ ਕਈ ਪਰਿਵਾਰ ਇੱਕ-ਇੱਕ ਮੈਂਬਰ ਦੀ ਜਿੱਤ ਨੂੰ ਤਰਸ ਗਏ, ਜਦਕਿ ਕਿੰਨੇ ਹੀ ਪਰਿਵਾਰਾਂ ਦੇ ਹਿੱਸੇ ਦੋ-ਦੋ ਜਿੱਤਾਂ ਆਈਆਂ ਹਨ। ਕਿਤੇ ਪਿਤਾ-ਪੁੱਤਰ, ਕਿਤੇ ਸਕੇ ਭਰਾ ਤੇ ਕਿਤੇ ਨੂੰਹ-ਸੱਸ ਨੂੰ ਜਿੱਤ ਹਾਸਲ ਹੋਈ ਹੈ। ਕੋਟਕਪੂਰਾ ਦੇ ਜੋਸ਼ੀ ਪਰਿਵਾਰ ਨੂੰ ਤੀਹਰੀ ਜਿੱਤ ਨਸੀਬ ਹੋਈ ਹੈ। ਇਸ ਪਰਿਵਾਰ ਦੇ ਤਿੰਨ ਮੈਂਬਰ ਕੌਂਸਲਰ ਬਣੇ ਹਨ। ਕੋਟਕਪੂਰਾ ਕੌਂਸਲ ਦੇ ਵਾਰਡ ਨੰਬਰ 10 ’ਚੋਂ ਸਵਤੰਤਰ ਜੋਸ਼ੀ, ਵਾਰਡ ਨੰਬਰ 11 ’ਚੋਂ ਅਰੁਣ ਜੋਸ਼ੀ ਅਤੇ ਵਾਰਡ ਨੰਬਰ 19 ’ਚੋਂ ਵਿਜੈਪ੍ਰੀਤ ਜੋਸ਼ੀ ਕੌਂਸਲਰ ਚੁਣੇ ਗਏ ਹਨ।

ਨਗਰ ਕੌਂਸਲ ਲੌਂਗੋਵਾਲ ’ਚ ਨੂੰਹ-ਸੱਸ ਦੀ ਜੋੋੜੀ ਕੌਂਸਲਰ ਬਣੀ ਹੈ। ਸੱਸ ਅਮਰਜੀਤ ਕੌਰ ਵਾਰਡ ਨੰਬਰ 9 ਅਤੇ ਨੂੰਹ ਰਛਪਾਲ ਕੌਰ ਵੀ 347 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ। ਨੂੰਹ-ਸੱਸ ਨੇ ਬਤੌਰ ‘ਆਪ’ ਉਮੀਦਵਾਰ ਚੋਣ ਜਿੱਤੀ। ਨਗਰ ਪੰਚਾਇਤ ਮਹਿਰਾਜ ’ਚ ਵੀ ਦੋ ਸਕੇ ਭਰਾ ਕੌਂਸਲਰੀ ਦੀ ਕੁਰਸੀ ਲੈਣ ’ਚ ਸਫ਼ਲ ਹੋਏ ਹਨ। ਸਿਆਸੀ ਆਗੂ ਆਖਦੇ ਹਨ ਕਿ ਜਿਨ੍ਹਾਂ ਪਰਿਵਾਰਾਂ ਦੀ ਸਮਾਜਿਕ ਤੇ ਸਿਆਸੀ ਤੌਰ ’ਤੇ ਪੈਂਠ ਬਣੀ ਹੁੰਦੀ ਹੈ, ਉਨ੍ਹਾਂ ਪਰਿਵਾਰਾਂ ਦੀ ਸ਼ੁਹਰਤ ਦਾ ਲਾਹਾ ਲੈਣ ਲਈ ਸਿਆਸੀ ਧਿਰਾਂ ਵੱਲੋਂ ਇੱਕੋ ਪਰਿਵਾਰ ’ਚੋਂ ਦੋ-ਦੋ ਜੀਆਂ ਨੂੰ ਮੈਦਾਨ ’ਚ ਉਤਾਰ ਦਿੱਤਾ ਜਾਂਦਾ ਹੈ। ਬੁਢਲਾਡਾ ਨਗਰ ਕੌਂਸਲ ’ਚ ਕਰਮਜੀਤ ਸਿੰਘ ਮਾਘੀ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਨੇ ਚੋਣ ਜਿੱਤੀ ਹੈ। ਇਸੇ ਤਰ੍ਹਾਂ ਨਗਰ ਕੌਂਸਲ ਭਦੌੜ ’ਚ ਜਗਦੀਪ ਜੱਗੀ ਤੇ ਉਸ ਦੀ ਪਤਨੀ ਹਰਮਨਜੀਤ ਕੌਰ ਵੀ ਚੋਣ ’ਚ ਸਫਲ ਹੋਏ ਹਨ। ਦੇਖਿਆ ਜਾਵੇ ਤਾਂ ਜਿਨ੍ਹਾਂ ਪਰਿਵਾਰਾਂ ਕੋਲ ਵੱਧ ਕੌਂਸਲਰ ਹਨ, ਉਨ੍ਹਾਂ ਦੀ ਕੌਂਸਲ ’ਚ ਸਿਆਸੀ ਵੁੱਕਤ ਵੀ ਜ਼ਿਆਦਾ ਰਹੇਗੀ। ਫ਼ਰੀਦਕੋਟ ਕੌਂਸਲ ’ਚ ਵੀ ਨੂੰਹ-ਸੱਸ ਦੇ ਹਿੱਸੇ ਕੌਂਸਲਰੀ ਆਈ ਹੈ। ਸੱਸ ਉਮਾ ਗਰੋਵਰ ਅਤੇ ਉਸ ਦੀ ਨੂੰਹ ਮੁਸਕਾਨ ਗਰੋਵਰ ਦੀ ਝੋਲੀ ਜਿੱਤ ਪਈ ਹੈ। ਫ਼ਿਰੋਜ਼ਪੁਰ ਕੌਂਸਲ ਦੀ ਚੋਣ ’ਚ ਵਾਰਡ ਨੰਬਰ ਛੇ ’ਚੋਂ ਰਿਸ਼ੀ ਸ਼ਰਮਾ ਅਤੇ ਉਸ ਦੀ ਪਤਨੀ ਈਸ਼ਾ ਸ਼ਰਮਾ ਨੇ ਵਾਰਡ ਨੰਬਰ 9 ’ਚੋਂ ਚੋਣ ਜਿੱਤੀ ਹੈ। ਮੁਹਾਲੀ ਨਿਗਮ ਦੇ ਵਾਰਡ ਨੰਬਰ 20 ’ਚੋਂ ਗੌਰਵ ਜੈਨ ਅਤੇ ਵਾਰਡ ਨੰਬਰ 21 ’ਚੋਂ ਉਸ ਦੀ ਮਾਤਾ ਰਾਜ ਰਾਣੀ ਸਫਲ ਹੋਈ ਹੈ। ਮੁਹਾਲੀ ਦੇ ਵਾਰਡ ਨੰਬਰ 4 ’ਚੋਂ ਹਰਬਿੰਦਰ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਵਾਰਡ ਨੰਬਰ 3 ’ਚੋਂ ਕਾਮਯਾਬ ਹੋਈ ਹੈ।

ਇਸੇ ਤਰ੍ਹਾਂ ਬਰਨਾਲਾ ਨਿਗਮ ਦੇ ਵਾਰਡ ਨੰਬਰ ਅੱਠ ’ਚੋਂ ‘ਆਪ’ ਦਾ ਕੁਲਦੀਪ ਧਰਮਾ ਅਤੇ ਉਸ ਦੀ ਪਤਨੀ ਰੇਣੂ ਧਰਮਾ ਵਾਰਡ ਨੰਬਰ 9 ’ਚੋਂ ਚੋਣ ਜਿੱਤੀ ਹੈ। ਬਰਨਾਲਾ ਦੇ ਹੀ ਵਾਰਡ ਨੰਬਰ 28 ’ਚੋਂ ਭਾਜਪਾ ਦਾ ਧਰਮ ਸਿੰਘ ਫ਼ੌਜੀ ਅਤੇ ਉਸ ਦੀ ਪਤਨੀ ਸੁਖਦਿਆਲ ਕੌਰ ਵਾਰਡ ਨੰਬਰ 21 ’ਚੋਂ ਚੋਣ ਜਿੱਤੀ ਹੈ। ਬਰਨਾਲਾ ’ਚ ਵਾਰਡ ਨੰਬਰ 41 ’ਚੋਂ ਭਾਜਪਾ ਦੀ ਮਮਤਾ ਗਰਗ ਸਫਲ ਹੋਈ ਹੈ, ਜਦਕਿ ਉਸ ਦੇ ਪਰਿਵਾਰ ਦੇ ਦੋ ਜੀਅ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਬਠਿੰਡਾ ਨਿਗਮ ਦੇ ਵਾਰਡ ਨੰਬਰ 5 ’ਚੋਂ ਚੋਣ ਜਿੱਤੀ ਹੈ। ਬਠਿੰਡਾ ਨਿਗਮ ਦੇ ਹੀ ਵਾਰਡ ਨੰਬਰ 35 ’ਚ ਦਰਾਣੀ ਬੇਬੀ ਸੈਣੀ ਨੇ ਜੇਠਾਣੀ ਮਮਤਾ ਸੈਣੀ ਨੂੰ ਹਰਾਇਆ ਹੈ।

Related posts

‘ਇੱਕ ਦੇਸ਼, ਇੱਕ ਚੋਣ’ ਦਾ ਰਾਹ ਹੋਇਆ ਪੱਧਰਾ ! ਮੋਦੀ ਕੈਬਨਿਟ ਨੇ ਬਿੱਲ ਨੂੰ ਦਿੱਤੀ ਮਨਜ਼ੂਰੀ

Current Updates

ਗਾਇਕ ਗੁਰੂ ਰੰਧਾਵਾ ਦੇ ਜਿੰਮ ’ਤੇ ਫਾਇਰਿੰਗ; ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

Current Updates

ਡਿਵਾਈਡਰ ਟੱਪ ਕੇ ਕਾਰ ਉੱਪਰ ਪਲਟੀ ਬੱਸ; 26 ਸਵਾਰੀਆਂ ਜ਼ਖ਼ਮੀ

Current Updates

Leave a Comment