ਚੰਡੀਗੜ੍ਹ: ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਰਾਜਨੀਤਿਕ ਕਦਮ ਚੁੱਕਦਿਆਂ ਇੱਕ 9 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਹੈ। ਪਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਕਮੇਟੀ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਤਿਆਰ ਕਰਨ ਦੀ ਜ਼ਿੰਮੇਵਾਰੀ ਨਿਭਾਏਗੀ। ਇਸ ਨਵੀਂ ਗਠਿਤ ਕਮੇਟੀ ਦੀ ਅਗਵਾਈ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਬਤੌਰ ਚੇਅਰਮੈਨ ਸੌਂਪੀ ਗਈ ਹੈ, ਜਦੋਂ ਕਿ ਡਾ. ਦਲਜੀਤ ਸਿੰਘ ਚੀਮਾ ਨੂੰ ਮੈਂਬਰ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੇ ਬੁਲਾਰੇ ਅਨੁਸਾਰ ਇਹ ਕਮੇਟੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰੇਗੀ ਅਤੇ ਸਮਾਜ ਦੇ ਹਰ ਵਰਗ ਨਾਲ ਸਿੱਧਾ ਰਾਬਤਾ ਕਾਇਮ ਕਰੇਗੀ। ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣ ਕੇ ਹੀ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ ਮੈਨੀਫੈਸਟੋ ਸਿਰਫ਼ ਵਾਅਦਿਆਂ ਦਾ ਪੁਲੰਦਾ ਨਹੀਂ ਹੋਵੇਗਾ, ਸਗੋਂ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀਆਂ ਅਸਲ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਇੱਕ ਠੋਸ ਰੋਡਮੈਪ ਹੋਵੇਗਾ।
ਅਕਾਲੀ ਦਲ ਦੇ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਚੋਣ ਮੈਨੀਫੈਸਟੋ ਨੂੰ ਇੱਕ ਕਾਨੂੰਨੀ ਅਤੇ ਨੈਤਿਕ ਦਸਤਾਵੇਜ਼ ਵਜੋਂ ਦੇਖਦੇ ਹਨ, ਜਿਸ ਨੂੰ ਸਰਕਾਰ ਬਣਨ ਤੋਂ ਬਾਅਦ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। 9 ਮੈਂਬਰੀ ਕਮੇਟੀ ਦੇ ਐਲਾਨ ਨਾਲ ਅਕਾਲੀ ਦਲ ਨੇ ਚੋਣ ਮੈਦਾਨ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਹੈ ਅਤੇ ਵਿਰੋਧੀ ਧਿਰਾਂ ਨੂੰ ਵੀ ਆਪਣੀ ਚੋਣ ਰਣਨੀਤੀ ਦਾ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ।
