June 23, 2026
ਖਾਸ ਖ਼ਬਰਪੰਜਾਬਰਾਸ਼ਟਰੀ

‘ਅਪਰੇਸ਼ਨ ਸਿੰਧੂਰ’ ਦਾ ਉਹ ਅਣਸੁਲਝਿਆ ਦਰਦ: ਡਰੋਨ ਧਮਾਕੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ, ਇਕੱਲਾ ਰਹਿ ਗਿਆ ਜਸਵੰਤ

'ਅਪਰੇਸ਼ਨ ਸਿੰਧੂਰ' ਦਾ ਉਹ ਅਣਸੁਲਝਿਆ ਦਰਦ: ਡਰੋਨ ਧਮਾਕੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ, ਇਕੱਲਾ ਰਹਿ ਗਿਆ ਜਸਵੰਤ

ਫਿਰੋਜ਼ਪੁਰ-‘ ਅਪਰੇਸ਼ਨ ਸਿੰਧੂਰ’ ਦੌਰਾਨ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਡਰੋਨ ਧਮਾਕੇ ਦਾ ਸ਼ਿਕਾਰ ਹੋਇਆ ਜਸਵੰਤ ਸਿੰਘ ਅੱਜ ਵੀ ਆਪਣੇ ਮਾਪਿਆਂ ਨੂੰ ਗਵਾਉਣ ਦੇ ਸਦਮੇ ਵਿੱਚ ਹੈ। ਵਿਹੜੇ ਵਿੱਚ ਖੜ੍ਹੀ ਸੜੀ ਹੋਈ ਕਾਰ ਅਤੇ ਘਰ ਨੂੰ ਲੱਗਿਆ ਤਾਲਾ ਉੱਥੋਂ ਦੀ ਚੁੱਪ ਅਤੇ ਦਰਦ ਨੂੰ ਬਿਆਨ ਕਰ ਰਿਹਾ ਹੈ।ਡਰੋਨ ਧਮਾਕੇ ਨੇ ਜਸਵੰਤ ਸਿੰਘ ਦੇ ਹੱਸਦੇ-ਵਸਦੇ ਪਰਿਵਾਰ ਨੂੰ ਉਜਾੜ ਦਿੱਤਾ ਸੀ। ਇਸ ਘਟਨਾ ਨੂੰ ਲਗਪਗ ਇੱਕ ਸਾਲ ਬੀਤ ਚੁੱਕਾ ਹੈ, ਪਰ ਉਸ ਭਿਆਨਕ ਰਾਤ ਦੀਆਂ ਯਾਦਾਂ ਅਜੇ ਵੀ ਜਸਵੰਤ ਸਿੰਘ ਦਾ ਪਿੱਛਾ ਨਹੀਂ ਛੱਡ ਰਹੀਆਂ। ਉਹ ਆਪਣੇ ਪਰਿਵਾਰ ਦਾ ਇਕੱਲਾ ਜੀਵਤ ਮੈਂਬਰ ਹੈ, ਜੋ ਹੁਣ ਉਸ ਘਰ ਵਿੱਚ ਨਹੀਂ ਰਹਿੰਦਾ। ਪਿਛਲੇ ਸਾਲ 9 ਮਈ ਨੂੰ, ਜਸਵੰਤ ਦੇ ਮਾਪੇ ਲਖਵਿੰਦਰ ਸਿੰਘ (57) ਅਤੇ ਸੁਖਵਿੰਦਰ ਕੌਰ (50) ਉਸ ਸਮੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਜਦੋਂ ਉਨ੍ਹਾਂ ਦੇ ਘਰ ‘ਤੇ ਇੱਕ ਪਾਕਿਸਤਾਨੀ ਡਰੋਨ ਦਾ ਮਲਬਾ ਡਿੱਗਣ ਕਾਰਨ ਧਮਾਕਾ ਹੋਇਆ। ਇਸ ਡਰੋਨ ਨੂੰ ਭਾਰਤੀ ਫੌਜ ਦੇ ਏਅਰ ਡਿਫੈਂਸ ਸਿਸਟਮ ਨੇ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਸੀ।

ਸੁਖਵਿੰਦਰ ਦੀ 12 ਮਈ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ, ਜਦੋਂ ਕਿ ਲਖਵਿੰਦਰ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਗਪਗ 50 ਦਿਨਾਂ ਤੱਕ ਜ਼ਿੰਦਗੀ ਦੀ ਜੰਗ ਲੜਨ ਤੋਂ ਬਾਅਦ 1 ਜੁਲਾਈ ਨੂੰ ਦਮ ਤੋੜ ਦਿੱਤਾ ਸੀ। ਜਸਵੰਤ, ਜੋ ਖ਼ੁਦ ਵੀ ਇਸ ਘਟਨਾ ਵਿੱਚ ਜ਼ਖਮੀ ਹੋਇਆ ਸੀ, ਹੁਣ ਮਮਦੋਟ ਬਲਾਕ ਦੇ ਪਿੰਡ ਵਾਰਿਆਮ ਸਿੰਘ ਵਾਲਾ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਰਹਿੰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇੰਨੇ ਖ਼ੌਫ਼ਨਾਕ ਤਰੀਕੇ ਨਾਲ ਆਪਣੇ ਮਾਪਿਆਂ ਨੂੰ ਗੁਆਉਣ ਦਾ ਦੁੱਖ ਅਜੇ ਵੀ ਉਸ ਦੇ ਮਨ ‘ਤੇ ਡੂੰਘਾ ਅਸਰ ਪਾ ਰਿਹਾ ਹੈ। ਸਰਕਾਰ ਨੇ ਪਰਿਵਾਰ ਵਿੱਚ ਇਕੱਲੇ ਬਚੇ ਜਸਵੰਤ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਸੀ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਸੀ।

ਜਸਵੰਤ ਦੇ ਚਾਚਾ ਗੁਰਬਚਨ ਸਿੰਘ ਨੇ ਵੀਰਵਾਰ ਨੂੰ ਪੀ ਟੀ ਆਈ (PTI) ਨਾਲ ਗੱਲਬਾਤ ਕਰਦਿਆਂ ਕਿਹਾ, “ਪੈਸਾ ਮਨੁੱਖੀ ਜਾਨ ਦੀ ਪੂਰਤੀ ਨਹੀਂ ਕਰ ਸਕਦਾ। ਆਪਣੇ ਮਾਪਿਆਂ ਨੂੰ ਖੋਹਣ ਤੋਂ ਬਾਅਦ ਜਸਵੰਤ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਜਦੋਂ ਵੀ ਉਹ ਘਰ ਦੇ ਨੇੜੇ ਜਾਂਦਾ ਹੈ, ਯਾਦਾਂ ਵਾਪਸ ਆ ਜਾਂਦੀਆਂ ਹਨ।” ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਜਸਵੰਤ ਨੂੰ ਨੌਕਰੀ ਦੇਣੀ ਚਾਹੀਦੀ ਹੈ।’ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਫੌਜ ਨੇ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦਾ ਬਦਲਾ ਲੈਂਦਿਆਂ, ਪਿਛਲੇ ਸਾਲ 7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤ ਦਹਿਸ਼ਤਗਰਦਾਂ ਦੇ 9 ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਵਿੱਚ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਅਤੇ ਲਸ਼ਕਰ-ਏ-ਤੋਇਬਾ ਦਾ ਮੁਰੀਦਕੇ ਸਥਿਤ ਅੱਡਾ ਮੁੱਖ ਨਿਸ਼ਾਨਾ ਸਨ। ਭਾਰਤ ਦੀ ਇਸ ਕਾਰਵਾਈ ਮਗਰੋਂ ਪਾਕਿਸਤਾਨ ਨੇ ਵੀ 8, 9 ਅਤੇ 10 ਮਈ ਨੂੰ ਭਾਰਤੀ ਫੌਜੀ ਅੱਡਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।

Related posts

ਹਲਵਾਰਾ ਏਅਰਪੋਰਟ: ਜਹਾਜ਼ਾਂ ਦੇ ਸਮੇਂ ਨੂੰ ਲੈ ਕੇ ਸਿਆਸਤਦਾਨਾਂ ਨੇ ਪਾਇਆ ਭੰਬਲਭੂਸਾ

Current Updates

ਚੰਡੀਗੜ੍ਹ ਦੇ ਇੰਜਨੀਅਰਿੰਗ ਵਿਭਾਗ ਵੱਲ ਨਿਗਮ ਦਾ ਕਰੋੜਾਂ ਦਾ ਟੈਕਸ ਬਕਾਇਆ

Current Updates

ਮਾਨਸਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Current Updates

Leave a Comment