ਅਮਰੀਕਾ- ਅਮਰੀਕੀ-ਕੈਨੇਡੀਅਨ ਅਦਾਕਾਰ Matthew Perry ਦੀ ਨਸ਼ੇ ਕਾਰਨ ਮੌਤ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੀ ਮਹਿਲਾ ਜਸਵੀਨ ਸੰਘਾ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਦਾ ਨਾਮ ਮੁੜ ਚਰਚਾ ਵਿੱਚ ਆਗਿਆ ਹੈ।
22 ਜੁਲਾਈ 1983 ਨੂੰ ਜਨਮੀ ਜਸਵੀਨ ਸੰਘਾ ਇੱਕ ਬ੍ਰਿਟਿਸ਼-ਅਮਰੀਕੀ ਅਪਰਾਧੀ ਅਤੇ ਡਰੱਗ ਡੀਲਰ ਹੈ ਜਿਸ ਨੂੰ “ਕੈਟਾਮਾਈਨ ਕੁਈਨ” (Ketamine Queen) ਵਜੋਂ ਜਾਣਿਆ ਜਾਂਦਾ ਹੈ। ਅਦਾਕਾਰ ਮੈਥਿਊ ਪੈਰੀ ਦੀ ਨਸ਼ੇ ਦੀ ਜ਼ਿਆਦਾ ਮਾਤਰਾ (ਓਵਰਡੋਜ਼) ਕਾਰਨ ਹੋਈ ਮੌਤ ਦੇ ਸਬੰਧ ਵਿੱਚ ਲੱਗੇ ਦੋਸ਼ਾਂ ਸਬੰਧੀ ਗੁਨਾਹ ਕਬੂਲ ਕਰਨ ਤੋਂ ਬਾਅਦ ਉਸ(ਸੰਘਾ) ਨੇ ਅੰਤਰਰਾਸ਼ਟਰੀ ਪੱਧਰ ‘ਤੇ ਧਿਆਨ ਖਿੱਚਿਆ।
ਪ੍ਰੌਸੀਕਿਊਟਰਾਂ ਨੇ ਦੋਸ਼ ਲਾਇਆ ਕਿ ਸੰਘਾ ਨੇ ਕਈ ਸਾਲਾਂ ਤੱਕ ਆਪਣੇ ਉੱਤਰੀ ਹਾਲੀਵੁੱਡ ਦੇ ਘਰ ਤੋਂ ਨਸ਼ੀਲੇ ਪਦਾਰਥਾਂ ਦੀ ਵੰਡ ਦਾ ਨੈੱਟਵਰਕ ਚਲਾਇਆ। 8 ਅਪਰੈਲ ਨੂੰ, ਸੰਘਾ ਨੂੰ ਪੈਰੀ ਦੀ ਮੌਤ ਦਾ ਕਾਰਨ ਬਣੀ ਕੈਟਾਮਾਈਨ ਦੀ ਸਪਲਾਈ ਕਰਨ ਵਿੱਚ ਭੂਮਿਕਾ ਲਈ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਅਗਸਤ 2024 ਤੋਂ ਜੇਲ੍ਹ ਵਿੱਚ ਬੰਦ ਹੈ।
ਸੰਘਾ ਦਾ ਜਨਮ ਲੰਡਨ ਵਿੱਚ ਹੋਇਆ ਸੀ। ਉਹ ਪੰਜਾਬੀ ਮੂਲ ਦੀ ਹੈ ਅਤੇ ਉੱਦਮੀ ਨੀਲਮ ਸਿੰਘ ਅਤੇ ਬਲਜੀਤ ਸਿੰਘ ਛੋਕਰ ਦੀ ਧੀ ਹੈ। ਉਸ ਦੇ ਦਾਦਾ-ਦਾਦੀ ਨੇ ਪੂਰਬੀ ਲੰਡਨ ਵਿੱਚ ਫੈਸ਼ਨ ਰਿਟੇਲ ਉਦਯੋਗ ਵਿੱਚ ਕਾਫ਼ੀ ਦੌਲਤ ਕਮਾਈ ਸੀ। ਉਸ ਦੀ ਮਾਂ ਦੇ ਦੂਜੇ ਵਿਆਹ ਤੋਂ ਬਾਅਦ, ਪਰਿਵਾਰ ਕੈਲਾਬਾਸਾਸ ਕੈਲੀਫੋਰਨੀਆ ਵਿੱਚ ਆ ਗਿਆ, ਜਿੱਥੇ ਸੰਘਾ ਨੇ ਆਪਣਾ ਮੁਢਲਾ ਜੀਵਨ ਬਿਤਾਇਆ। 2001 ਵਿੱਚ ਸੰਘਾ ਨੇ ਕੈਲਾਬਾਸਾਸ ਵਿੱਚ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ।
ਸੰਘਾ ਸਟੂਡੀਓ ਸਿਟੀ ਲਾਸ ਏਂਜਲਸ ਵਿੱਚ ‘ਸਟਾਈਲੈਟੋ ਨੇਲ ਬਾਰ’ ਵਜੋਂ ਜਾਣੇ ਜਾਂਦੇ ਇੱਕ ਕਾਰੋਬਾਰ ਨਾਲ ਜੁੜੀ ਹੋਈ ਸੀ। ਪ੍ਰੌਸੀਕਿਊਟਰਾਂ ਨੇ ਅਦਾਲਤੀ ਦਸਤਾਵੇਜ਼ਾਂ ਵਿੱਚ ਨੋਟ ਕੀਤਾ ਕਿ ਉਹ 2019 ਤੋਂ ਬਾਅਦ ਕਿਸੇ ਕਾਨੂੰਨੀ ਰੁਜ਼ਗਾਰ ਵਿੱਚ ਨਜ਼ਰ ਨਹੀਂ ਆਈ।
ਦੋਸ਼ ਪੱਤਰ ਦੇ ਅਨੁਸਾਰ ਸੰਘਾ ਨੇ ਪੰਜ ਸਾਲਾਂ ਦੀ ਮਿਆਦ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਕਰਨ, ਭੰਡਾਰ ਕਰਨ ਅਤੇ ਵੇਚਣ ਲਈ ਉੱਤਰੀ ਹਾਲੀਵੁੱਡ ਵਿੱਚ ਸਥਿਤ ਆਪਣੇ ਅਪਾਰਟਮੈਂਟ ਦੀ ਵਰਤੋਂ ਕੀਤੀ। ਆਪਣੇ ਪਲੀਅ ਐਗਰੀਮੈਂਟ (ਗੁਨਾਹ ਕਬੂਲੀ ਦੇ ਸਮਝੌਤੇ) ਦੇ ਹਿੱਸੇ ਵਜੋਂ, ਉਸ ਨੇ ਸਵੀਕਾਰ ਕੀਤਾ ਕਿ ਉਸ ਦੀ ਰਿਹਾਇਸ਼ 2019 ਤੋਂ ਪਹਿਲਾਂ ਹੀ ਇੱਕ ਵੰਡ ਕੇਂਦਰ ਵਜੋਂ ਕੰਮ ਕਰ ਰਹੀ ਸੀ। ਉਸਦੇ ਸਾਥੀਆਂ ਅਤੇ ਗਾਹਕਾਂ ਵੱਲੋਂ ਉਸਨੂੰ ‘ਕੈਟਾਮਾਈਨ ਕੁਵੀਨ’ ਕਿਹਾ ਜਾਂਦਾ ਸੀ।
ਅਗਸਤ 2019 ਵਿੱਚ ਸੰਘਾ ਨੇ ਕੋਡੀ ਮੈਕਲੋਰੀ ਨਾਮਕ ਇੱਕ ਗਾਹਕ ਨੂੰ ਕੈਟਾਮਾਈਨ ਵੇਚੀ ਸੀ, ਜਿਸ ਦੀ ਲੈਣ-ਦੇਣ ਤੋਂ ਤੁਰੰਤ ਬਾਅਦ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਪ੍ਰੌਸੀਕਿਊਟਰਾਂ ਨੇ ਦੋਸ਼ ਲਾਇਆ ਕਿ ਸੰਘਾ ਨੂੰ ਪਤਾ ਸੀ ਕਿ ਉਸ ਦੇ ਉਤਪਾਦ ਕਾਰਨ ਮੈਕਲੋਰੀ ਦੀ ਮੌਤ ਹੋਈ ਹੈ, ਪਰ ਫਿਰ ਵੀ ਉਸ ਨੇ ਆਪਣੀ ਤਸਕਰੀ ਜਾਰੀ ਰੱਖੀ। ਮਾਰਚ 2024 ਵਿੱਚ ਉਸ ਦੇ ਘਰ ਦੀ ਤਲਾਸ਼ੀ ਦੌਰਾਨ, ਕਾਨੂੰਨ ਲਾਗੂ ਕਰਨ ਵਾਲੇ ਏਜੰਟਾਂ ਨੇ ਕੋਕੀਨ, ਨਕਲੀ ਜ਼ੈਨੈਕਸ (Xanax), ਮੈਥੈਂਫੇਟਾਮਾਈਨ ਦੀਆਂ ਗੋਲੀਆਂ ਅਤੇ ਤਰਲ ਕੈਟਾਮਾਈਨ ਦੀਆਂ ਲਗਪਗ 80 ਸ਼ੀਸ਼ੀਆਂ ਸਮੇਤ ਕਈ ਪਦਾਰਥ ਬਰਾਮਦ ਕੀਤੇ।
ਸੰਘਾ ਅਦਾਕਾਰ ਮੈਥਿਊ ਪੈਰੀ ਨੂੰ ਕੈਟਾਮਾਈਨ ਮੁਹੱਈਆ ਕਰਵਾਉਣ ਵਾਲੀ ਮੁੱਖ ਸਪਲਾਇਰ ਬਣ ਗਈ। ਅਕਤੂਬਰ 2023 ਵਿੱਚ ਸੰਘਾ ਨੇ ਪੈਰੀ ਨੂੰ ਕੈਟਾਮਾਈਨ ਪ੍ਰਦਾਨ ਕਰਨ ਲਈ ਏਰਿਕ ਫਲੇਮਿੰਗ ਨਾਲ ਸਹਿਯੋਗ ਕੀਤਾ। ਉਸ ਨੇ ਪਹਿਲਾਂ ਇੱਕ ਬਿਨਾਂ ਬ੍ਰਾਂਡ ਵਾਲੀ ਕੱਚੀ ਸ਼ੀਸ਼ੀ ਵਿੱਚ ਨਸ਼ੀਲੇ ਪਦਾਰਥ ਦਾ ਇੱਕ ਨਮੂਨਾ ਸਪਲਾਈ ਕੀਤਾ। ਇਸ ਸ਼ੁਰੂਆਤੀ ਅਦਲਾ-ਬਦਲੀ ਤੋਂ ਬਾਅਦ ਉਸ ਨੇ ਫਲੇਮਿੰਗ ਰਾਹੀਂ ਪੈਰੀ ਦੇ ਸਹਾਇਕ ਕੇਨੇਥ ਇਵਾਮਾਸਾ ਨੂੰ ਲਗਭਗ 50 ਸ਼ੀਸ਼ੀਆਂ ਵੇਚੀਆਂ। 25 ਸ਼ੀਸ਼ੀਆਂ ਵਾਲੇ ਇੱਕ ਬਾਅਦ ਦੇ ਲੈਣ-ਦੇਣ ਦੌਰਾਨ ਉਸ ਨੇ ਬੋਨਸ ਵਜੋਂ ਕੈਟਾਮਾਈਨ-ਯੁਕਤ ਲਾਲੀਪੌਪ ਵੀ ਸ਼ਾਮਲ ਕੀਤੇ।
ਪ੍ਰੌਸੀਕਿਊਟਰਾਂ ਨੇ ਦੱਸਿਆ ਕਿ ਪੈਰੀ ਦੀ ਮੌਤ ਲਈ ਜ਼ਿੰਮੇਵਾਰ ਖ਼ਾਸ ਖ਼ੁਰਾਕ ਸੰਘਾ ਵੱਲੋਂ ਵੇਚੀਆਂ ਗਈਆਂ ਸ਼ੀਸ਼ੀਆਂ ਵਿੱਚੋਂ ਇੱਕ ਤੋਂ ਆਈ ਸੀ। ਜਦੋਂ ਅਦਾਕਾਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ, ਤਾਂ ਦੱਸਿਆ ਜਾਂਦਾ ਹੈ ਕਿ ਸੰਘਾ ਨੇ ਇੱਕ ਐਨਕ੍ਰਿਪਟਡ ਐਪ ‘ਤੇ ਫਲੇਮਿੰਗ ਨੂੰ ਸੁਨੇਹਾ ਭੇਜਿਆ ਅਤੇ ਉਸ ਨੂੰ ਆਪਣੀ ਚੈਟ ਹਿਸਟਰੀ ਮਿਟਾਉਣ ਦੇ ਨਿਰਦੇਸ਼ ਦਿੱਤੇ।
ਅਧਿਕਾਰੀਆਂ ਨੇ ਮਾਰਚ 2024 ਵਿੱਚ ਸੰਘਾ ਨੂੰ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸਨੂੰ 100,000 ਡਾਲਰ ਦੇ ਬਾਂਡ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਪੈਰੀ ਦੀ ਮੌਤ ਵਿੱਚ ਉਸਦੀ ਖ਼ਾਸ ਭੂਮਿਕਾ ਲਈ ਚਾਰ ਹੋਰ ਸਹਿ-ਦੋਸ਼ੀਆਂ ਦੇ ਨਾਲ ਅਗਸਤ 2024 ਵਿੱਚ ਉਸ ‘ਤੇ ਦੁਬਾਰਾ ਦੋਸ਼ ਲਗਾਏ ਗਏ ਸਨ। ਉਸਦੀ ਅਗਸਤ 2024 ਦੀ ਗ੍ਰਿਫ਼ਤਾਰੀ ਤੋਂ ਬਾਅਦ, ਸੰਘਾ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ, ਅਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਨਜ਼ਰਬੰਦ ਹੈ।
3 ਸਤੰਬਰ 2025 ਨੂੰ ਸੰਘਾ ਨੇ ਪੰਜ ਸੰਘੀ (federal) ਦੋਸ਼ਾਂ ਲਈ ਗੁਨਾਹ ਕਬੂਲ ਕੀਤਾ, ਜਿਸ ਵਿੱਚ ਨਸ਼ੀਲੇ ਪਦਾਰਥਾਂ ਵਾਲੇ ਅਹਾਤੇ ਨੂੰ ਬਣਾਈ ਰੱਖਣ ਦਾ ਇੱਕ ਦੋਸ਼, ਮੌਤ ਦਾ ਕਾਰਨ ਬਣੀ ਵੰਡ ਦਾ ਇੱਕ ਦੋਸ਼, ਅਤੇ ਕੈਟਾਮਾਈਨ ਵੰਡ ਦੇ ਤਿੰਨ ਦੋਸ਼ ਸ਼ਾਮਲ ਸਨ। ਇਨ੍ਹਾਂ ਅਪਰਾਧਾਂ ਲਈ ਵੱਧ ਤੋਂ ਵੱਧ 65 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਸੀ। ਸਜ਼ਾ ਸੁਣਾਉਣ ਲਈ ਪਹਿਲਾਂ 10 ਦਸੰਬਰ 2025 ਦੀ ਤਰੀਕ ਤੈਅ ਕੀਤੀ ਗਈ ਸੀ। ਹਾਲਾਂਕਿ ਉਸਦੀ ਸਜ਼ਾ ਬਾਅਦ ਵਿੱਚ 25 ਫਰਵਰੀ 2026, ਫਿਰ 8 ਅਪਰੈਲ 2026 ਨੂੰ ਨਿਰਧਾਰਤ ਕੀਤੀ ਗਈ। ਪ੍ਰੌਸੀਕਿਊਟਰਾਂ ਨੇ 15 ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਨਿਗਰਾਨੀ ਹੇਠ ਰਿਹਾਈ ਦੀ ਮੰਗ ਕੀਤੀ ਸੀ, ਜਦੋਂ ਕਿ ਸੰਘਾ ਦੇ ਵਕੀਲਾਂ ਨੇ ਬੇਨਤੀ ਕੀਤੀ ਸੀ ਕਿ ਉਸ ਨੂੰ ਹੁਣ ਤੱਕ ਕੱਟੀ ਗਈ ਜੇਲ੍ਹ (time served) ਦੀ ਸਜ਼ਾ ਸੁਣਾਈ ਜਾਵੇ। 8 ਅਪਰੈਲ 2026 ਨੂੰ, ਜੱਜ ਸ਼ੈਰਿਲਿਨ ਪੀਸ ਗਾਰਨੇਟ ਨੇ ਸੰਘਾ ਨੂੰ ਸੰਘੀ ਜੇਲ੍ਹ ਵਿੱਚ 15 ਸਾਲ ਦੀ ਸਜ਼ਾ ਸੁਣਾਈ।
