September 25, 2026
ਅੰਤਰਰਾਸ਼ਟਰੀਖਾਸ ਖ਼ਬਰ

ਪਾਕਿਸਤਾਨੀ ਹਵਾਈ ਹਮਲੇ ’ਚ ਕਾਬੁਲ ਦਾ ਹਸਪਤਾਲ ਤਬਾਹ; 400 ਮੌਤਾਂ, 250 ਜ਼ਖ਼ਮੀ

ਪਾਕਿਸਤਾਨੀ ਹਵਾਈ ਹਮਲੇ ’ਚ ਕਾਬੁਲ ਦਾ ਹਸਪਤਾਲ ਤਬਾਹ; 400 ਮੌਤਾਂ, 250 ਜ਼ਖ਼ਮੀ

ਪਾਕਿਸਤਾਨ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੋਮਵਾਰ ਰਾਤ ਪਾਕਿਸਤਾਨੀ ਹਵਾਈ ਸੈਨਾ ਵੱਲੋਂ ਕੀਤੇ ਗਏ ਇੱਕ ਵੱਡੇ ਹਮਲੇ ਨੇ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਤਣਾਅ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ। ਅਫ਼ਗਾਨ ਤਾਲਿਬਾਨ ਸਰਕਾਰ ਦੇ ਬੁਲਾਰੇ ਹਮਦੁੱਲਾ ਫ਼ਿਤਰਤ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿੱਚ ਇੱਕ ਨਸ਼ਾ ਛੁਡਾਊ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ 400 ਤੱਕ ਪਹੁੰਚ ਗਈ ਹੈ, ਜਦੋਂਕਿ 250 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ, ਕਾਬੁਲ ਸਥਿਤ ‘ਓਮੀਦ’ ਨਸ਼ਾ ਛੁਡਾਊ ਕੇਂਦਰ (2,000 ਬਿਸਤਰਿਆਂ ਵਾਲਾ ਹਸਪਤਾਲ) ਉੱਤੇ ਹੋਏ ਇਸ ਹਮਲੇ ਨੇ ਇਮਾਰਤ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਹਮਲੇ ਸਮੇਂ ਹਸਪਤਾਲ ਵਿੱਚ ਸੈਂਕੜੇ ਮਰੀਜ਼ ਇਲਾਜ ਅਧੀਨ ਸਨ। ਸਥਾਨਕ ਟੈਲੀਵਿਜ਼ਨ ਚੈਨਲਾਂ ਵੱਲੋਂ ਦਿਖਾਈਆਂ ਤਸਵੀਰਾਂ ਵਿੱਚ ਦਮਕਲ ਵਿਭਾਗ ਦੀਆਂ ਟੀਮਾਂ ਇਮਾਰਤ ਦੇ ਮਲਬੇ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀਆਂ ਦਿਖਾਈ ਦਿੱਤੀਆਂ।

ਦੂਜੇ ਪਾਸੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਪ੍ਰਵਕਤਾ ਮੁਸ਼ੱਰਫ਼ ਜ਼ੈਦੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਪਾਕਿਸਤਾਨੀ ਸੂਚਨਾ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਫ਼ੌਜ ਨੇ ਸਿਰਫ਼ ‘ਫ਼ੌਜੀ ਟਿਕਾਣਿਆਂ ਅਤੇ ਅਤਿਵਾਦੀਆਂ ਦੇ ਸਹਾਇਕ ਬੁਨਿਆਦੀ ਢਾਂਚੇ’ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਅਨੁਸਾਰ ਇਹ ਟਿਕਾਣੇ ਪਾਕਿਸਤਾਨੀ ਨਾਗਰਿਕਾਂ ਵਿਰੁੱਧ ਹਮਲਿਆਂ ਲਈ ਵਰਤੇ ਜਾ ਰਹੇ ਸਨ। ਉਨ੍ਹਾਂ ਤਾਲਿਬਾਨ ਦੇ ਦਾਅਵਿਆਂ ਨੂੰ ‘ਗੁੰਮਰਾਹਕੁੰਨ’ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਬਹੁਤ ਸਟੀਕ (Precise) ਸੀ ਤਾਂ ਜੋ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ।

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਹ ਲੜਾਈ ਹੁਣ ‘ਖੁੱਲ੍ਹੀ ਜੰਗ’ ਦਾ ਰੂਪ ਧਾਰਦੀ ਜਾ ਰਹੀ ਹੈ। ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਕਿ ਤਾਲਿਬਾਨ ਵੱਲੋਂ ਡਰੋਨ ਹਮਲੇ ਕਰਕੇ ‘ਰੈੱਡ ਲਾਈਨ’ ਪਾਰ ਕੀਤੀ ਗਈ ਹੈ। ਦੂਜੇ ਪਾਸੇ, ਅਫ਼ਗਾਨਿਸਤਾਨ ਦੇ ਉਪ-ਪ੍ਰਧਾਨ ਮੰਤਰੀ ਅਬਦੁਲ ਸਲਾਮ ਹਨਫੀ ਨੇ ਕਿਹਾ ਕਿ ਅਫ਼ਗਾਨਿਸਤਾਨ ’ਤੇ ਜੰਗ ਥੋਪੀ ਗਈ ਹੈ ਅਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ।

Related posts

ਰਾਹੁਲ, ਮਾਇਆਵਤੀ ਵੱਲੋਂ ਕਾਂਸ਼ੀ ਰਾਮ ਲਈ ਭਾਰਤ ਰਤਨ ਦੀ ਮੰਗ

Current Updates

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ

Current Updates

ਬਦਲੇ ਮੌਸਮ ਨੇ ਦਸੰਬਰ ਯਾਦ ਕਰਾਇਆ

Current Updates

Leave a Comment