ਚੰਡੀਗਡ਼੍ਹ- ਪੰਜਾਬ ਵਿਧਾਨ ਸਭਾ ਨੇ ਅੱਜ ਬਜਟ ਇਜਲਾਸ ਦੇ ਆਖ਼ਰੀ ਦਿਨ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਮੰਗ ਕੀਤੀ ਕਿ ਕੇਂਦਰ ਸਰਕਾਰ ਬਹੁਜਨ ਸਮਾਜ ਪਾਰਟੀ ਦੇ ਬਾਨੀ ਅਤੇ ਉੱਘੇ ਦਲਿਤ ਨੇਤਾ ਮਰਹੂਮ ਕਾਂਸ਼ੀ ਰਾਮ ਨੂੰ ਸਿਖਰਲੇ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕਰੇ। ਅੱਜ ਇਨ੍ਹਾਂ ਮਤਿਆਂ ਦੇ ਨਾਲ ਹੀ 6 ਮਾਰਚ ਨੂੰ ਸ਼ੁਰੂ ਹੋਇਆ ਬਜਟ ਇਜਲਾਸ ਸਮਾਪਤ ਹੋ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਅੱਜ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੀਆਂ ਰਿਪੋਰਟਾਂ ਵੀ ਪੇਸ਼ ਹੋਈਆਂ।ਜ਼ਿਲ੍ਹਾ ਰੋਪੜ ’ਚ ਜਨਮੇ ਨੇਤਾ ਕਾਂਸ਼ੀ ਰਾਮ ਦੀ 15 ਮਾਰਚ ਨੂੰ 92ਵੀਂ ਜਨਮ ਵਰ੍ਹੇਗੰਢ ਸੀ ਜਿਸ ਤੋਂ ਇੱਕ ਦਿਨ ਬਾਅਦ ਪੰਜਾਬ ਵਿਧਾਨ ਸਭਾ ’ਚ ‘ਆਪ’ ਸਰਕਾਰ ਨੇ ਇਹ ਮਤਾ ਪਾਸ ਕੀਤਾ ਹੈ। ਅੱਜ ਸਦਨ ’ਚ ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਨਹੀਂ ਸਨ। ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਦਲਿਤ ਆਗੂ ਕਾਂਸ਼ੀ ਰਾਮ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਮਤੇ ਦੀ ਹਮਾਇਤ ਕੀਤੀ। ਸਦਨ ’ਚੋਂ ਭਾਜਪਾ ਵਿਧਾਇਕ ਗ਼ੈਰ-ਹਾਜ਼ਰ ਰਹੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਹ ਮਤਾ ਪੇਸ਼ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਦੇ ਮਿਸ਼ਨ ਨੂੰ ਅੱਗੇ ਲਿਜਾਣ ’ਚ ਬਾਬੂ ਕਾਂਸ਼ੀ ਰਾਮ ਨੇ ਅਹਿਮ ਭੂਮਿਕਾ ਨਿਭਾਈ। ਕਾਂਸ਼ੀ ਰਾਮ ਦੀ ਜਨਮ ਭੂਮੀ ਦੇ ਸਕੂਲ ਦਾ ਨਾਮਕਰਨ ਬਾਬੂ ਕਾਂਸ਼ੀ ਰਾਮ ਦੇ ਨਾਂ ’ਤੇ ਕਰਨ ਦਾ ਬੀਤੇ ਦਿਨ ਐਲਾਨ ਕੀਤਾ ਗਿਆ ਹੈ ਅਤੇ ਦੋ ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ ਤੇ ਇੱਕ ਲਾਇਬਰੇਰੀ ਵੀ ਬਣਾਈ ਜਾਵੇਗੀ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਮਤੇ ਦੀ ਹਮਾਇਤ ਕੀਤੀ। ਸ੍ਰੀ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਕੱਲ੍ਹ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਸੀ ਜਿਸ ਤੋਂ ਸ੍ਰੀ ਚੀਮਾ ਨੇ ਪ੍ਰੇਰਨਾ ਲੈ ਕੇ ਅੱਜ ਮਤਾ ਪੇਸ਼ ਕੀਤਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਸਲ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਾਲ 2016 ਵਿੱਚ ਕਾਂਸ਼ੀ ਰਾਮ ਲਈ ਭਾਰਤ ਰਤਨ ਦੇਣ ਦੀ ਮੰਗ ਉਠਾਈ ਸੀ; ਕਾਂਗਰਸ ਨੂੰ ਜਾਗਣ ’ਚ 10 ਸਾਲ ਲਗ ਗਏ।
ਸਦਨ ’ਚ ਮਤੇ ’ਤੇ ਬਹਿਸ ਦੌਰਾਨ ਬਸਪਾ ਵਿਧਾਇਕ ਨਛੱਤਰ ਪਾਲ ਨੇ ਪਿਛਲੀ ਯੂ ਪੀ ਏ ਸਰਕਾਰ ਵੱਲੋਂ ਕਾਂਸ਼ੀ ਰਾਮ ਨੂੰ ਨਜ਼ਰਅੰਦਾਜ਼ ਕਰਨ ਦੀ ਨਿੰਦਾ ਕਰਦੇ ਹੋਏ ਮਤੇ ਦਾ ਸਮਰਥਨ ਕੀਤਾ। ਕਾਂਗਰਸ ਵਿਧਾਇਕ ਸੁਖਵਿੰਦਰ ਕੋਟਲੀ ਨੇ ‘ਆਪ’ ਸਰਕਾਰ ਨੂੰ ਕਾਂਸ਼ੀ ਰਾਮ ਦੇ ਨਾਮ ’ਤੇ ਆਦਮਪੁਰ ’ਚ ਡਿਗਰੀ ਕਾਲਜ ਦੇ ਅਧੂਰੇ ਵਾਅਦੇ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਆਦਮਪੁਰ ਇਸ ਕਾਲਜ ਲਈ ਜ਼ਮੀਨ ਵੀ ਦੇ ਚੁੱਕੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਨ ਵਾਲਾ ਮਤਾ ਪਾਸ ਕਰਨ ਦੀ ਮੰਗ ਕੀਤੀ ਜੋ ਸਿਰੇ ਨਾ ਲੱਗ ਸਕੀ। ਬਹਿਸ ’ਚ ਡਾ. ਲਾਲ ਚੰਦ ਕਟਾਰੂਚੱਕ, ਡਾ. ਸੁਖਵਿੰਦਰ ਕੁਮਾਰ ਸੁੱਖੀ, ਕੁਲਵੰਤ ਸਿੰਘ ਪੰਡੋਰੀ ਅਤੇ ਅਰੁਣਾ ਚੌਧਰੀ ਨੇ ਵੀ ਹਿੱਸਾ ਲਿਆ।
ਸਦਨ ’ਚ ਇਸ ਤੋਂ ਪਹਿਲਾਂ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਵੱਲੋਂ ਜਾਰੀ ਰਿਪੋਰਟ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਸਾਲ 2024-25 ਲਈ ਪੰਜਾਬ ਸਰਕਾਰ ਦੇ ਵਿੱਤ ਖਾਤੇ (ਭਾਗ-1), ਸਾਲ 2024-25 ਲਈ ਪੰਜਾਬ ਸਰਕਾਰ ਦੇ ਵਿੱਤ ਖਾਤੇ (ਭਾਗ-2) ਅਤੇ ਸਾਲ 2024-25 ਲਈ ਪੰਜਾਬ ਸਰਕਾਰ ਦੇ ਨਮਿੱਤਣ ਖਾਤੇ ਵੀ ਸਦਨ ਸਾਹਮਣੇ ਰੱਖੇ ਗਏ। ਬੁੱਢਾ ਦਰਿਆ ਅਤੇ ਘੱਗਰ ਦਰਿਆ ਬਾਰੇ ਚੇਅਰਮੈਨ ਕਮੇਟੀ ਦੀ ਰਿਪੋਰਟ ਵੀ ਪੇਸ਼ ਕੀਤੀ ਗਈ। ਸਾਲ 2026-27 ਲਈ ਚੁਣੀਆਂ ਗਈਆਂ ਕਮੇਟੀਆਂ ਦੇ ਗਠਨ ਬਾਰੇ ਮਤਾ ਵੀ ਸਦਨ ਵਿੱਚ ਲਿਆਂਦਾ ਗਿਆ।
