ਜਲੰਧਰ- ਜਲੰਧਰ ਦੇ ਪਠਾਨਕੋਟ ਬਾਈਪਾਸ ’ਤੇ ਬੁਲੰਦਪੁਰ ਨੇੜੇ ਪੁਲੀਸ ਅਤੇ ਗੈਂਗਸਟਰਾਂ ਵਿੱਚ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਦੋਨੋਂ ਗੈਂਗਸਟਰਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਦੋਨੋਂ ਗੈਂਗਸਟਰ ਦਾਨੇਵਾਲ ਅਤੇ ਹੈਰੀ ਚੱਢਾ ਧੜੇ ਨਾਲ ਸਬੰਧ ਰੱਖਦੇ ਹਨ। ਇਸ ਸਬੰਧੀ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਜਲੰਧਰ ਸ਼ਹਿਰ ਵਿੱਚ ਪਿਸਤੌਲ ਦਿਖਾ ਕੇ ਮੋਟਰਸਾਈਕਲ ਖੋਹਣ ਦੀ ਵਾਰਦਾਤ ਨੂੰ ਹੱਲ ਕਰਨ ਲਈ ਪੁਲੀਸ ਨੇ ਆਪਣਾ ਜਾਲ ਵਿਛਾਇਆ ਹੋਇਆ ਸੀ। ਇਸ ਸਬੰਧੀ ਪੁਲੀਸ ਡਿਵੀਜ਼ਨ ਨੰਬਰ ਅੱਠ ਵਿੱਚ ਮਾਮਲਾ ਦਰਜ ਕੀਤਾ ਹੋਇਆ ਹੈ। ਇਸ ਦੌਰਾਨ ਪੁਲੀਸ ਨੂੰ ਉਕਤ ਦੋ ਵਿਅਕਤੀਆਂ ਦੇ ਇਸ ਇਲਾਕੇ ਵਿੱਚ ਹੋਣ ਦੀ ਜਾਣਕਾਰੀ ਮਿਲੀ। ਪੁਲੀਸ ਨੇ ਮੋਟਰਸਾਈਕਲ ’ਤੇ ਜਾ ਰਹੇ ਦੋਨੋਂ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਪੁਲੀਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਕਾਰਨ ਦੋਨੋਂ ਗੈਂਗਸਟਰ ਜ਼ਖਮੀ ਹੋ ਗਏ ਹਨ ਅਤੇ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਪਹਿਚਾਣ ਅਰਸ਼ਦੀਪ ਅਤੇ ਤੇਜਵੀਰ ਵਜੋਂ ਹੋਈ ਹੈ। ਜ਼ਖਮੀ ਹਾਲਤ ਵਿੱਚ ਦੋਨਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਫੜੇ ਗਏ ਦੋਨੋਂ ਗੈਂਗਸਟਰਾਂ ਨੇ ਕੁਝ ਦਿਨ ਪਹਿਲਾਂ ਬਟਾਲਾ ਵਿਚ ਗੋਲੀਬਾਰੀ ਕੀਤੀ ਸੀ ਇਸ ਵਿੱਚ ਦੋ ਵਿਅਕਤੀਆਂ ਵੀ ਮੌਤ ਹੋ ਗਈ ਸੀ ਅਤੇ ਬਟਾਲਾ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦੀ ਭਾਲ ਕਰ ਰਹੀ ਸੀ। ਇਹਨਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ ਅਤੇ ਜਲੰਧਰ ਦੇ ਆਸ ਪਾਸ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰ ਰਹੇ ਸਨ। ਉਹਨਾਂ ਦੱਸਿਆ ਕਿ ਫੜੇ ਗਏ ਦੋਨਾਂ ਵਿਅਕਤੀਆਂ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ।
