ਫਤਹਿਗਡ਼੍ਹ ਸਾਹਿਬ- ਇੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਅੱਜ ਸ਼ੁਰੂ ਹੋ ਗਈ। ਇਸ ਮੌਕੇ ਵੱਡੀ ਗਿਣਤੀ ਸੰਗਤ ਸੂਬੇ, ਦੇਸ਼ ਤੇ ਵਿਦੇਸ਼ ਤੋਂ ਪੁੱਜੀ ਤੇ ਗੁਰਦੁਆਰਾ ਜੋਤੀ ਸਰੂਪ ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਚ ਮੱਥਾ ਟੇਕਿਆ। ਦੂਜੇ ਪਾਸੇ ਸ਼ਰਧਾਲੂਆਂ ਦੀ ਆਮਦ ਨੂੰ ਮੁੱਖ ਰੱਖਦਿਆਂ ਪੁਲੀਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾ ਥਿੰਦ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖ ਕੇ ਧਾਰਮਿਕ ਸਭਾ ਵਿਚ ਸ਼ਾਮਲ ਹੋਣ।
ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਚ ਅੱਜ ਸ਼ਹੀਦੀ ਸਭਾ ਦੇ ਪਹਿਲੇ ਦਿਨ ਅਖੰਡ ਪਾਠ ਆਰੰਭ ਹੋਏ ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪੈਣਗੇ। 26 ਦਸੰਬਰ ਦੀ ਰਾਤ ਨੂੰ 9 ਵਜੇ ਕਵੀ ਸਮਾਗਮ ਹੋਵੇਗਾ। 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁੱਜੇਗਾ, ਜਿੱਥੇ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਸਮਾਪਤੀ ਹੋਵੇਗੀ। ਟੋਡਰ ਮੱਲ ਦੀਵਾਨ ਹਾਲ ਵਿੱਚ 28 ਦਸੰਬਰ ਤੱਕ ਦਿਨ-ਰਾਤ ਧਾਰਮਿਕ ਦੀਵਾਨ ਸਜਣਗੇ। ਇਸ ਵਾਰ ਲੰਗਰਾਂ ਨੂੰ ਬਿਲਕੁਲ ਸਾਦਾ ਰੱਖਿਆ ਗਿਆ ਹੈ।ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਟਿੱਲੇ ’ਤੇ ਇੰਟੇਗਰੇਟਿਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੇ ਪੁਲੀਸ, ਪੀ ਐੱਸ ਪੀ ਸੀ ਐੱਲ, ਸਿਹਤ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ 27 ਦਸੰਬਰ ਤੱਕ 24 ਘੰਟੇ ਸੇਵਾਵਾਂ ਦੇਣਗੇ। ਸ਼ਰਧਾਲੂ ਕਿਸੇ ਵੀ ਮੁਸ਼ਕਲ ਲਈ 01763-232838 ’ਤੇ ਸੰਪਰਕ ਕਰ ਸਕਦੇ ਹਨ।
