ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਲਾਲ ਕਿਲ੍ਹਾ ਧਮਾਕਾ ਮਾਮਲੇ ਵਿੱਚ ਸੱਤ ਦੋਸ਼ੀਆਂ ਦੀ ਨਿਆਇਕ ਹਿਰਾਸਤ 15 ਦਿਨਾਂ ਲਈ ਵਧਾ ਦਿੱਤੀ ਹੈ। ਅਦਾਲਤ ਨੇ ਡਾ. ਅਦੀਲ ਰਾਥਰ, ਡਾ. ਮੁਜ਼ੰਮਿਲ ਗਨਾਈ, ਡਾ. ਸ਼ਾਹੀਨ ਸਈਦ, ਮੌਲਵੀ ਇਰਫਾਨ ਅਹਿਮਦ ਵਾਗੇ, ਜਸੀਰ ਬਿਲਾਲ ਵਾਨੀ, ਆਮਿਰ ਰਾਸ਼ਿਦ ਅਲੀ ਅਤੇ ਸੋਇਬ ਨੂੰ 15 ਹੋਰ ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਕੌਮੀ ਜਾਂਚ ਏਜੰਸੀ (NIA) ਨੇ ਪਿਛਲੀ ਹਿਰਾਸਤ ਖਤਮ ਹੋਣ ਤੋਂ ਬਾਅਦ ਇਨ੍ਹਾਂ ਸੱਤਾਂ ਦੋਸ਼ੀਆਂ ਨੂੰ ਬੁੱਧਵਾਰ ਨੂੰ ਸਖ਼ਤ ਸੁਰੱਖਿਆ ਹੇਠ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ, ਜਿੱਥੇ ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਉਨ੍ਹਾਂ ਨੂੰ 8 ਜਨਵਰੀ ਤੱਕ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ। ਇਸ ਕਾਰਵਾਈ ਦੌਰਾਨ ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਿਆ ਗਿਆ ਸੀ। ਜਾਂਚ ਅਨੁਸਾਰ ਡਾਕਟਰਾਂ ਦੇ ਇਸ ਗੁੰਝਲਦਾਰ ਅਤਿਵਾਦੀ ਮਾਡਿਊਲ ਦਾ ਮੁੱਖ ਯੋਜਨਾਕਾਰ ਉਮਰ-ਉਨ-ਨਬੀ ਸੀ, ਜਿਸ ਨੇ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਬਾਹਰ ਵਿਸਫੋਟਕਾਂ ਨਾਲ ਲੱਦੀ ਕਾਰ ਰਾਹੀਂ ਧਮਾਕਾ ਕੀਤਾ ਸੀ।
ਦੋਸ਼ੀਆਂ ਵਿੱਚੋਂ ਆਮਿਰ ਰਾਸ਼ਿਦ ਅਲੀ ‘ਤੇ ਕਾਰ ਖਰੀਦਣ ਵਿੱਚ ਮਦਦ ਕਰਨ, ਜਸੀਰ ਬਿਲਾਲ ਵਾਨੀ ‘ਤੇ ਡਰੋਨਾਂ ਨੂੰ ਸੋੋਧਣ ਅਤੇ ਤਕਨੀਕੀ ਸਹਾਇਤਾ ਦੇਣ ਅਤੇ ਸ਼ੋਇਬ ‘ਤੇ ਲੌਜਿਸਟਿਕ ਮਦਦ ਦੇਣ ਦੇ ਇਲਜ਼ਾਮ ਹਨ। NIA ਹੁਣ ਤੱਕ ਇਸ ਮਾਮਲੇ ਵਿੱਚ ਕੁੱਲ ਨੌਂ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਡਾ. ਨਸੀਰ ਬਿਲਾਲ ਮੱਲਾ ਅਤੇ ਯਾਸਿਰ ਅਹਿਮਦ ਡਾਰ ਵੀ ਸ਼ਾਮਲ ਹਨ, ਜਿਨ੍ਹਾਂ ‘ਤੇ ਸਾਜ਼ਿਸ਼ ਰਚਣ ਅਤੇ ਸਬੂਤ ਨਸ਼ਟ ਕਰਨ ਦੇ ਗੰਭੀਰ ਦੋਸ਼ ਹਨ।
