ਨਵੀਂ ਦਿੱਲੀ- ਦਿੱਲੀ ਪੁਲੀਸ ਨੇ ਇੱਕ ਅਜਿਹੇ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜੋ ਬੀਮਾ ਪਾਲਿਸੀਆਂ ਦੇ ਨਿਪਟਾਰੇ ਦੇ ਨਾਂ ’ਤੇ ਦੇਸ਼ ਭਰ ਦੇ ਲੋਕਾਂ ਨਾਲ ਠੱਗੀ ਮਾਰ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਭਾਰਤੀ ਰਿਜ਼ਰਵ ਬੈਂਕ (RBI), ਦਿੱਲੀ ਹਾਈ ਕੋਰਟ, IRDAI ਅਤੇ ਬੀਮਾ ਲੋਕਪਾਲ ਦੇ ਜਾਅਲੀ ਲੋਗੋ ਅਤੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਲੋਕਾਂ ਦਾ ਭਰੋਸਾ ਜਿੱਤਦੇ ਸਨ।
ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦਵਾਰਕਾ) ਅੰਕਿਤ ਸਿੰਘ ਨੇ ਦੱਸਿਆ ਕਿ ਇਹ ਗਿਰੋਹ ਹੁਣ ਤੱਕ ਲਗਪਗ 1 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਾ ਹੈ, ਜਿਸ ਵਿੱਚੋਂ 20 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਫ੍ਰੀਜ਼ ਕਰ ਦਿੱਤੇ ਗਏ ਹਨ। ਜਾਂਚ ਦੌਰਾਨ ਪਤਾ ਲੱਗਾ ਕਿ ਨਿਸ਼ਾਂਤ ਚੌਹਾਨ ਨਾਮ ਦਾ ਵਿਅਕਤੀ ਕਮਿਸ਼ਨ ਦੇ ਬਦਲੇ ਆਪਣੇ ਬੈਂਕ ਖਾਤੇ ਮੁਹੱਈਆ ਕਰਵਾਉਂਦਾ ਸੀ, ਜਿਸ ਤੋਂ ਬਾਅਦ ਗਿਰੋਹ ਦੇ ਸਰਗਨਾ ਸਾਹਿਲ ਬੇਰੀ ਨੂੰ ਦਵਾਰਕਾ ਤੋਂ ਕਾਬੂ ਕੀਤਾ ਗਿਆ।
ਪੁਲੀਸ ਨੇ ਸਾਗਰਪੁਰ ਸਥਿਤ ਕਾਲ ਸੈਂਟਰ ‘ਤੇ ਛਾਪੇਮਾਰੀ ਕਰਕੇ ਕਿਸ਼ਨ ਕੁਮਾਰ, ਦਮਨ ਬਖਸ਼ੀ, ਸੁਮਿਤ ਗੋਸਵਾਮੀ ਅਤੇ ਨੀਰਜ ਸਮੇਤ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਚੋਰੀ ਕੀਤੇ ਬੀਮਾ ਡਾਟਾ ਰਾਹੀਂ ਲੋਕਾਂ ਨੂੰ ਫੋਨ ਕਰਦੇ ਸਨ। ਇਸ ਕਾਰਵਾਈ ਦੌਰਾਨ ਪੁਲਿਸ ਨੇ 18 ਮੋਬਾਈਲ ਫੋਨ, ਲੈਪਟਾਪ, ਹਾਰਡ ਡਰਾਈਵਾਂ ਅਤੇ ਜਾਅਲੀ ਮੋਹਰਾਂ ਸਮੇਤ ਇੱਕ ਐਸਯੂਵੀ (SUV) ਗੱਡੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਵਿਰੁੱਧ ਕਈ ਸ਼ਿਕਾਇਤਾਂ ਦਰਜ ਹਨ, ਜਿਸ ਵਿੱਚ ਉੱਤਰਾਖੰਡ ਦੇ ਇੱਕ ਵਿਅਕਤੀ ਨਾਲ 70 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਵੀ ਸ਼ਾਮਲ ਹੈ।
