December 1, 2025
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਹਾਈ ਕੋਰਟ ਵੱਲੋਂ ਅਕਾਲੀ ਦਲ ਦੇ ਆਈਟੀ ਵਿੰਗ ਦੇ ਮੁਖੀ ਨੂੰ ਜ਼ਮਾਨਤ

ਹਾਈ ਕੋਰਟ ਵੱਲੋਂ ਅਕਾਲੀ ਦਲ ਦੇ ਆਈਟੀ ਵਿੰਗ ਦੇ ਮੁਖੀ ਨੂੰ ਜ਼ਮਾਨਤ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਈ ਟੀ ਵਿੰਗ ਦੇ ਮੁਖੀ ਨਛੱਤਰ ਸਿੰਘ ਗਿੱਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਤਰਨ ਤਾਰਨ ਪੁਲੀਸ ਨੇ ਨਛੱਤਰ ਸਿੰਘ ਗਿੱਲ ਨੂੰ 15 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਮਾਮਲੇ ਨੂੰ ਹਾਈਕੋਰਟ ’ਚ ਚੁਣੌਤੀ ਦਿੱਤੀ ਗਈ ਸੀ। ਹਾਈ ਕੋਰਟ ਦੇ ਫ਼ੈਸਲੇ ਨਾਲ ਅਕਾਲੀ ਨੇਤਾ ਨੂੰ ਰਾਹਤ ਮਿਲੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਮੁਖੀ ਅਰਸ਼ਦੀਪ ਸਿੰਘ ਕਲੇਰ ਨੇ ਅਦਾਲਤ ਦੇ ਫ਼ੈਸਲੇ ਮਗਰੋਂ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਨੇ ਪੰਜਾਬ ਪੁਲੀਸ ਨੂੰ ਬੇਪਰਦ ਕਰ ਦਿੱਤਾ ਹੈ ਅਤੇ ‘ਆਪ’ ਸਰਕਾਰ ਲਈ ਇਹ ਵੱਡਾ ਝਟਕਾ ਹੈ। ਕਲੇਰ ਨੇ ਕਿਹਾ ਕਿ ਨਛੱਤਰ ਸਿੰਘ ਗਿੱਲ ਨੂੰ 15 ਨਵੰਬਰ ਨੂੰ ਦੁਪਹਿਰ 3.45 ਵਜੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਪੰਜਾਬ ਪੁਲੀਸ ਨੇ ਨਛੱਤਰ ਸਿੰਘ ਗਿੱਲ ’ਤੇ ਪੁਲੀਸ ਕੇਸ ਸ਼ਾਮ ਨੂੰ ਸਾਢੇ ਛੇ ਵਜੇ ਦਰਜ ਕੀਤਾ ਸੀ।

ਕਲੇਰ ਨੇ ਕਿਹਾ ਕਿ ਅਦਾਲਤ ’ਚ ਪੰਜਾਬ ਸਰਕਾਰ ਇਹ ਦੱਸਣ ’ਚ ਫ਼ੇਲ੍ਹ ਰਹੀ ਕਿ ਆਈਟੀ ਵਿੰਗ ਦੇ ਮੁਖੀ ਨੂੰ ਕੇਸ ਦਰਜ ਹੋਣ ਤੋਂ ਪਹਿਲਾਂ ਗ੍ਰਿਫ਼ਤਾਰ ਕਿਉਂ ਕੀਤਾ ਗਿਆ। ਐਡਵੋਕੇਟ ਕਲੇਰ ਨੇ ਨਛੱਤਰ ਸਿੰਘ ਗਿੱਲ ਖ਼ਿਲਾਫ਼ ਦਰਜ ਕੇਸ ਨੂੰ ਝੂਠਾ ਕਰਾਰ ਦਿੱਤਾ। ਕਲੇਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ‘ਆਪ’ ਸਰਕਾਰ ਵੱਲੋਂ ਦਰਜ ਝੂਠੇ ਪੁਲੀਸ ਕੇਸਾਂ ਨੂੰ ਅੰਤਿਮ ਨਤੀਜੇ ਤੱਕ ਲੈ ਕੇ ਜਾਵੇਗਾ। ਉਨ੍ਹਾਂ ਹਵਾਲਾ ਦਿੱਤਾ ਕਿ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਨੂੰ ਵੀ ਅਗਾਊ ਜ਼ਮਾਨਤ ਦੇ ਦਿੱਤੀ ਸੀ। ਕਲੇਰ ਨੇ ਕਿਹਾ ਕਿ ਅਕਾਲੀ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਨ ਵਾਲੇ ਪੁਲੀਸ ਅਫ਼ਸਰਾਂ ਨੂੰ ਅਦਾਲਤ ’ਚ ਜੁਆਬਦੇਹ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਨਛੱਤਰ ਸਿੰਘ ਗਿੱਲ ’ਤੇ ਦਰਜ ਕੇਸ ਅਤੇ ਗ੍ਰਿਫ਼ਤਾਰੀ ਦੇ ਮਾਮਲੇ ’ਚ ਪੁਲੀਸ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਵੀ ਉਲੰਘਣਾ ਕੀਤੀ ਹੈ। ਅੱਜ ਪ੍ਰੈੱਸ ਕਾਨਫ਼ਰੰਸ ਮੌਕੇ ਪਰਮਬੀਰ ਸਿੰਘ ਸਨੀ ਤੇ ਸਿਮਰਨ ਟਿਵਾਣਾ ਵੀ ਮੌਜੂਦ ਸਨ।

Related posts

ਫ਼ਿਰੋਜ਼ਪੁਰ ਵਿਖੇ ’’ਸਾਰਾਗੜ੍ਹੀ ਜੰਗੀ ਯਾਦਗਾਰ” ਹੋਈ ਲੋਕ ਅਰਪਣ- ਡਾ. ਬਲਜੀਤ ਕੌਰ

Current Updates

ਸੰਗਰੂਰ ਸਿਵਲ ਹਸਪਤਾਲ ’ਚ ਨਾਰਮਲ ਸਲਾਈਨ ਲਗਾਉਣ ਨਾਲ 15 ਮਹਿਲਾ ਮਰੀਜ਼ਾਂ ਦੀ ਸਿਹਤ ਵਿਗੜੀ

Current Updates

ਮੰਡੀ ਵਿਚ ਕੀਰਤਪੁਰ-ਮਨਾਲੀ ਸੜਕ ’ਤੇ ਵੋਲਵੋ ਬੱਸ ਪਲਟੀ, 31 ਜ਼ਖ਼ਮੀ

Current Updates

Leave a Comment