ਅਮਰੀਕਾ- ਭਾਰਤੀ-ਅਮਰੀਕੀ ਭਾਈਚਾਰੇ ਨੇ ਨਿਊਯਾਰਕ ਸ਼ਹਿਰ ਦੇ ਮੇਅਰ ਅਹੁਦੇ ਦੀ ਚੋਣ ’ਚ ਜ਼ੋਹਰਾਨ ਮਮਦਾਨੀ ਦੀ ਇਤਿਹਾਸਕ ਜਿੱਤ ਦਾ ਸਵਾਗਤ ਕਰਦਿਆਂ ਕਿਹਾ ਕਿ ਪਰਵਾਸੀ ਹੁਣ ਅਮਰੀਕਾ ’ਚ ਨਵੀਂ ਪਛਾਣ ਬਣਾ ਰਹੇ ਹਨ। ਨਿਊਯਾਰਕ ’ਚ ਵਿਦਿਅਕ ਅਤੇ ਸੱਭਿਆਚਾਰਕ ਜਥੇਬੰਦੀ ‘ਦਿ ਕਲਚਰ ਟ੍ਰੀ’ ਦੀ ਬਾਨੀ ਅਤੇ ਸੀ ਈ ਓ ਅਨੂ ਸਹਿਗਲ ਨੇ ਮਮਦਾਨੀ ਦੀ ਜਿੱਤ ’ਤੇ ਕਿਹਾ ਕਿ ਇੰਝ ਮਹਿਸੂਸ ਹੋਇਆ ਜਿਵੇਂ ਨਵੇਂ ਯੁੱਗ ਦਾ ਪਹੁ ਫੁਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦਾ ਪਹਿਲਾ ਮੇਅਰ ਮਿਲਣ ਮਗਰੋਂ ਸ਼ਹਿਰ ਦੀ ਪਛਾਣ, ਅਪਣੇਪਣ ਅਤੇ ਸੱਤਾ ਨੂੰ ਦੇਖਣ ਦੇ ਨਜ਼ਰੀਏ ’ਚ ਬਦਲਾਅ ਦਿਸ ਰਿਹਾ ਹੈ। ਉਨ੍ਹਾਂ ਕਿਹਾ, ‘‘ਮਮਦਾਨੀ ਦੇ ਭਾਸ਼ਣ ’ਚ ਨਹਿਰੂ ਦਾ ਜ਼ਿਕਰ ਅਤੇ ਫਿਲਮ ‘ਧੂਮ’ ਦੇ ਗੀਤ ਨਾਲ ਸਮਾਰੋਹ ਦੀ ਸਮਾਪਤੀ ਸਾਡੇ ਤਬਕੇ ਲਈ ਅਹਿਮੀਅਤ ਰੱਖਦਾ ਹੈ।’’ ਦੱਖਣ ਏਸ਼ਿਆਈ ਭਾਈਚਾਰੇ ਦੇ ਆਗੂ ਅਤੇ ਨਾਸਾਊ ਕਾਊਂਟੀ ਦੇ ਸਾਬਕਾ ਡਿਪਟੀ ਕੰਪਟਰੋਲਰ ਦਿਲੀਪ ਚੌਹਾਨ ਨੇ ਮਮਦਾਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਇਕ ਦੱਖਣ ਏਸ਼ੀਆਈ-ਅਮਰੀਕੀ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਦਾ ਵਾਅਦਾ ਕਰ ਰਿਹਾ ਹੈ।
ਟਰੰਪ ਨੇ ਮਮਦਾਨੀ ਦਾ ਮਖੌਲ ਉਡਾਇਆ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਦਾ ਮਖੌਲ ਉਡਾਉਂਦਿਆਂ ਉਨ੍ਹਾਂ ਦਾ ਨਾਮ ਨਹੀਂ ਲਿਆ ਅਤੇ ਨਾਮ ਭੁੱਲਣ ਦਾ ਦਿਖਾਵਾ ਕਰਦਿਆਂ ਕਿਹਾ ‘ਜੋ ਵੀ ਉਨ੍ਹਾਂ ਦਾ ਨਾਮ ਹੈ।’ ਸ੍ਰੀ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਚੋਣਾਂ ਤੋਂ ਬਾਅਦ ਹੁਣ ਅਮਰੀਕੀ ਲੋਕਾਂ ਨੂੰ ‘ਕਮਿਊਨਿਜ਼ਮ’ ਅਤੇ ‘ਕਾਮਨ ਸੈਂਸ’ ਵਿੱਚੋਂ ਇਕ ਨੂੰ ਚੁਣਨਾ ਹੋਵੇਗਾ। ਮਿਆਮੀ ’ਚ ਅਮਰੀਕਾ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਹ ਦੂਜੀ ਵਾਰ ਰਾਸ਼ਟਰਪਤੀ ਚੁਣੇ ਗਏ ਸਨ ਤਾਂ ਲੋਕਾਂ ਨੇ ਆਪਣੀ ਖੁਦਮੁਖਤਾਰੀ ਬਹਾਲ ਕੀਤੀ ਸੀ ਪਰ ਮੰਗਲਵਾਰ ਦੀ ਮੇਅਰ ਚੋਣ ਨਾਲ ਉਸ ਦਾ ਕੁਝ ਹਿੱਸਾ ਗੁਆ ਦਿੱਤਾ ਹੈ, ਮਮਦਾਨੀ ਨੇ ਆਪਣਾ ਪਹਿਲਾ ਭਾਸ਼ਣ ਹੀ ਗੁੱਸੇ ਵਾਲਾ ਦਿੱਤਾ ਹੈ।
