ਜੰਮੂ ਕਸ਼ਮੀਰ- ਜੰਮੂ ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਅੱਜ ਮਾਂ-ਧੀ ਦੀ ਮੌਤ ਹੋ ਗਈ ਜਦਕਿ ਅਖਨੂਰ ’ਚ ਹੜ੍ਹ ਦੀ ਮਾਰ ਹੇਠ ਆਏ ਇੱਕ ਪਿੰਡ ਵਿੱਚ ਫਸੇ 45 ਵਿਅਕਤੀਆਂ ਨੂੰ ਬੀ ਐੱਸ ਐੱਫ ਨੇ ਬਚਾਇਆ ਹੈ। ਇਸੇ ਦੌਰਾਨ ਅਨੰਤਨਾਗ ਜ਼ਿਲ੍ਹੇ ਵਿੱਚ ਪੁਲੀਸ ਨੇ ਇੱਕ ਪੁਲ ਹੇਠਾਂ ਪਾਣੀ ’ਚ ਫਸੇ 25 ਖਾਨਾਬਦੋਸ਼ ਪਰਿਵਾਰਾਂ ਨੂੰ ਸੁਰੱਖਿਅਤ ਕੱਢਿਆ ਹੈ। ਉੱਧਰ ਮਾਤਾ ਵੈਸ਼ਨੋ ਦੇਵੀ ਬੇਸ ਕੈਂਪ ’ਚ ਪਿਛਲੇ 24 ਘੰਟਿਆਂ ਦੌਰਾਨ 200 ਮਿਲੀਲੀਟਰ ਤੋਂ ਵੱਧ ਮੀਂਹ ਪਿਆ ਹੈ ਜੋ ਕਿ ਜੰਮੂ ਖੇਤਰ ’ਚ ਸਭ ਤੋਂ ਵੱਧ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਖੇਤਰ ’ਚ ਦਰਿਆਵਾਂ ਤੇ ਨਾਲਿਆਂ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਜਦਕਿ ਸ੍ਰੀਨਗਰ-ਜੰਮੂ ਕੌਮੀ ਮਾਰਗ ਸਮੇਤ ਊਧਮਪੁਰ ਅਤੇ ਬਨੀਹਾਲ ਵਿਚਕਾਰ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਤੇ ਜ਼ਮੀਨ ਧਸਣ ਕਾਰਨ ਕਈ ਮੁੱਖ ਸੜਕਾਂ ਅੱਜ ਦੂਜੇ ਦਿਨ ਵੀ ਆਵਾਜਾਈ ਲਈ ਬੰਦ ਰਹੀਆਂ। ਖਰਾਬ ਮੌਸਮ ਕਾਰਨ ਕਸ਼ਮੀਰ ਘਾਟੀ ਅਤੇ ਜੰਮੂ ਖੇਤਰ ਵਿੱਚ ਵਿੱਦਿਅਕ ਅਦਾਰੇ ਬੰਦ ਰਹੇ। ਉੱਧਰ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਨੇ ਮੀਟਿੰਗ ਕਰਕੇ ਲਗਾਤਾਰ ਪੈ ਰਹੇ ਮੀਂਹਾਂ ਕਾਰਨ ਬਣੇ ਹਾਲਾਤ ਦੀ ਸਮੀਖਿਆ ਕੀਤੀ ਹੈ। ਅਬਦੁੱਲਾ ਨੇ ਪ੍ਰਸ਼ਾਸਨ ਨੂੰ ਬਚਾਅ ਤੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਵੈਸ਼ਨੋ ਦੇਵੀ ਮੰਦਰ ਮਾਰਗ ’ਤੇ ਢਿੱਗਾਂ ਡਿੱਗੀਆਂ: ਰਿਆਸੀ ਜ਼ਿਲ੍ਹੇ ’ਚ ਮਾਤਾ ਵੈਸ਼ਨੋ ਦੇਵੀ ਮੰਦਰ ਮਾਰਗ ’ਤੇ ਅੱਜ ਢਿੱਗਾਂ ਡਿੱਗ ਗਈਆਂ ਪਰ ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਥ ਯਾਤਰਾ ਅੱਜ ਨੌਵੇਂ ਦਿਨ ਵੀ ਮੁਲਤਵੀ ਰਹੀ। ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਤੇ ਢਿੱਗਾਂ ਡਿੱਗਣ ਦੇ ਖਤਰੇ ਦੇ ਮੱਦੇਨਜ਼ਰ ਇਹਤਿਆਤੀ ਕਦਮਾਂ ਵਜੋਂ ਅਹੁਦੇਦਾਰਾਂ ਦੀਆਂ ਰਿਹਾਇਸ਼ਾਂ ਵੀ ਖਾਲੀ ਕਰਵਾ ਲਈਆਂ ਗਈਆਂ ਹਨ। ਢਿੱਗਾਂ ਡਿੱਗਣ ਦੀ ਘਟਨਾ ਸੰਮਾਰ ਪੁਆਇੰਟ ਨੇੜੇ ਵਾਪਰੀ ਜਿਸ ਕਾਰਨ ਮੰਦਰ ਨੂੰ ਜਾਣ ਵਾਲਾ ਰਾਹ ਬੰਦ ਹੋ ਗਿਆ ਹੈ। ਮਲਬਾ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
