ਚੇਨੱਈ- ਇਥੋਂ ਨੇੜੇ ਤਿਰੂਵੱਲੂਰ ਵਿਚ ਅੱਜ ਸਵੇਰੇ ਹਾਈ ਸਪੀਡ ਡੀਜ਼ਲ ਲੈ ਕੇ ਜਾ ਰਹੀ ਮਾਲਗੱਡੀ ਨੂੰ ਅੱਗ ਲੱਗ ਗਈ। ਰੇਲਵੇ ਅਧਿਕਾਰੀ ਨੇ ਕਿਹਾ ਕਿ ਅੱਗ ਇਕ ਬੋਗੀ ਨੂੰ ਲੱਗੀ, ਜੋ ਜਲਦੀ ਹੀ ਹੋਰਨਾਂ ਵੈਗਨਾਂ ਵਿਚ ਫੈਲ ਗਈ। ਅਧਿਕਾਰੀ ਨੇ ਕਿਹਾ ਕਿ ਹਾਲ ਦੀ ਘੜੀ ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਬੁਝਾਊ ਟੈਂਡਰਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ ਤੇ ਰੇਲ ਸੇਵਾਵਾਂ ਲਈ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।
ਦੱਖਣੀ ਰੇਲਵੇ ਨੇ ਇਕ ਬਿਆਨ ਵਿਚ ਕਿਹਾ, ‘‘ਇਹਤਿਆਤੀ ਉਪਰਾਲੇ ਵਜੋਂ ਮੁਕਾਮੀ ਰੇਲ ਸੇਵਾਵਾਂ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਹੀ ਨਹੀਂ 8 ਐਕਸਪ੍ਰੈੱਸ ਰੇਲਗੱਡੀਆਂ ਵੀ ਰੱਦ ਕਰ ਦਿੱਤੀਆਂ ਹਨ ਜਦੋਂਕਿ 5 ਹੋਰਨਾਂ ਗੱਡੀਆਂ ਨੂੰ ਡਾਈਵਰਟ ਕੀਤਾ ਹੈ ਤੇ ਅੱਠ ਗੱਡੀਆਂ ਰਾਹ ਵਿਚ ਵੀ ਰੋਕ ਦਿੱਤੀਆਂ ਹਨ।’’
ਰੇਲਵੇ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਸਥਿਤੀ ਨੂੰ ਸਰਗਰਮੀ ਨਾਲ ਸੰਭਾਲ ਰਹੇ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਰੰਮਤ ਦਾ ਕੰਮ ਜਾਰੀ ਹੈ ਅਤੇ ਰੇਲਵੇ ਟਰੈਕ ’ਤੇ ਆਮ ਰੇਲਗੱਡੀਆਂ ਦੀ ਆਵਾਜਾਈ ਜਲਦੀ ਸ਼ੁਰੂ ਹੋ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਹੈ।
