ਚੰਡੀਗੜ੍ਹ- ਪੁਲੀਸ ਨੇ ਅਦਾਕਾਰਾ ਆਲੀਆ ਭੱਟ ਨਾਲ ਕਥਿਤ 76.9 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਉਸ ਦੀ ਸਾਬਕਾ ਨਿੱਜੀ ਸਹਾਇਕ ਵੇਦਿਕਾ ਪ੍ਰਕਾਸ਼ ਸ਼ੈੱਟੀ (32) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੈੱਟੀ ’ਤੇ ਦੋਸ਼ ਹੈ ਕਿ ਉਸ ਨੇ ਆਲੀਆ ਭੱਟ ਦੀ ਪ੍ਰੋਡਕਸ਼ਨ ਕੰਪਨੀ ਈਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼ ਪ੍ਰਾਈਵੇਅ ਲਿਮਟਿਡ ਤੇ ਅਦਾਕਾਰਾ ਦੇ ਨਿੱਜੀ ਖਾਤਿਆਂ ਵਿਚ ਵਿੱਤੀ ਬੇਨਿਯਮੀਆਂ ਕੀਤੀਆਂ। ਇਹ ਧੋਖਾਧੜੀ ਮਈ 2022 ਤੇ ਅਗਸਤ 2024 ਦਰਮਿਆਨ ਕੀਤੀ ਗਈ। ਆਲੀਆ ਭੱਟ ਦੀ ਮਾਂ ਅਤੇ ਅਦਾਕਾਰ ਤੇ ਫ਼ਿਲਮਸਾਜ਼ ਸੋਨੀ ਰਾਜ਼ਦਾਨ ਵੱਲੋਂ 23 ਜਨਵਰੀ ਨੂੰ ਜੁਹੂ ਪੁਲੀਸ ਥਾਣੇ ਵਿਚ ਸ਼ਿਕਾਇਤ ਦੇਣ ਮਗਰੋਂ ਇਹ ਮਾਮਲਾ ਸਾਹਮਣੇ ਆਇਆ।
ਪੁਲੀਸ ਵਿਚਲੇ ਸੂਤਰਾਂ ਮੁਤਾਬਕ ਵੇਦਿਕਾ ਸ਼ੈੱਟੀ ਨੇ 2021 ਤੋਂ 2024 ਦਰਮਿਅਨ ਆਲੀਆ ਭੱਟ ਦੇ ਨਿੱਜੀ ਸਹਾਇਕ ਵਜੋਂ ਕੰਮ ਕੀਤਾ। ਉਸ ਕੋਲ ਅਦਾਕਾਰਾ ਦੇ ਵਿੱਤੀ ਦਸਤਾਵੇਜ਼ਾਂ, ਅਦਾਇਗੀ ਤੇ ਸ਼ਡਿਊਲਿੰਗ ਦਾ ਕੰਮ ਦੇਖਣ ਦੀ ਜ਼ਿੰਮੇਵਾਰੀ ਸੀ। ਜਾਂਚ ਤੋਂ ਪਤਾ ਲੱਗਾ ਕਿ ਵੇਦਿਕਾ ਨੇ ਕਥਿਤ ਜਾਅਲੀ ਬਿੱਲ ਬਣਾਏ ਅਤੇ ਉਨ੍ਹਾਂ ’ਤੇ ਇਹ ਕਹਿ ਕੇ ਆਲੀਆ ਦੇ ਦਸਤਖ਼ਤ ਲਏ ਕਿ ਇਹ ਖਰਚੇ ਯਾਤਰਾ, ਮੀਟਿੰਗਾਂ ਅਤੇ ਸਬੰਧਤ ਪ੍ਰਬੰਧਾਂ ਲਈ ਸਨ। ਉਸ ਨੇ ਇਨ੍ਹਾਂ ਬਿੱਲਾਂ ਨੂੰ ਅਸਲੀ ਦਿਖਾਉਣ ਲਈ ਪੇਸ਼ੇਵਰ ਸਾਧਨਾਂ ਦੀ ਵਰਤੋਂ ਕਰਕੇ ਫੰਡਾਂ ਦੀ ਹੇਰਾਫੇਰੀ ਕੀਤੀ। ਆਲੀਆ ਵੱਲੋਂ ਇਨ੍ਹਾਂ ਬਿੱਲਾਂ ’ਤੇ ਦਸਤਖਤ ਕਰਨ ਮਗਰੋਂ ਪੈਸੇ ਇੱਕ ਦੋਸਤ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ, ਜਿਸ ਨੇ ਇਸ ਨੂੰ ਵਾਪਸ ਵੇਦਿਕਾ ਨੂੰ ਭੇਜ ਦਿੱਤਾ। ਥਾਣੇ ਵਿਚ ਸ਼ਿਕਾਇਤ ਦਰਜ ਹੋਣ ਮਗਰੋਂ ਵੇਦਿਕਾ ਰਫੂਚੱਕਰ ਹੋ ਗਈ ਅਤੇ ਰਾਜਸਥਾਨ, ਕਰਨਾਟਕ, ਪੁਣੇ ਅਤੇ ਬੰਗਲੁਰੂ ਵਿੱਚ ਅਕਸਰ ਟਿਕਾਣੇ ਬਦਲਣ ਲੱਗੀ। ਅਖੀਰ ਵਿੱਚ ਜੁਹੂ ਪੁਲੀਸ ਨੇ ਉਸ ਨੂੰ ਬੰਗਲੁਰੂ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਟਰਾਂਜ਼ਿਟ ਰਿਮਾਂਡ ’ਤੇ ਮੁੰਬਈ ਲੈ ਆਈ।