ਨਵੀਂ ਦਿੱਲੀ- ਸੰਸਦ ਦੀ ਇਕ ਸਥਾਈ ‘ਲੋਕ ਲੇਖਾ ਕਮੇਟੀ’ (Public Accounts Committee – PAC) ਨੇ ਮੰਗਲਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ (civil aviation ministry) ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਏਅਰਲਾਈਨ ਅਤੇ ਹਵਾਈ ਅੱਡੇ ਦੇ ਪ੍ਰਤੀਨਿਧੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਕਈ ਸੰਸਦ ਮੈਂਬਰਾਂ ਨੇ ਏਅਰ ਇੰਡੀਆ ਜਹਾਜ਼ ਹਾਦਸੇ ਦਾ ਜ਼ਿਕਰ ਕੀਤਾ ਅਤੇ ਇਸ ਦੀ ਜਾਂਚ ਤੇ ਜਾਂਚ ਰਿਪੋਰਟ ਬਾਰੇ ਜਾਣਕਾਰੀ ਮੰਗੀ।
ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਵਾਈ ਕੰਪਨੀਆਂ ਵੱਲੋਂ ਅਪਰੈਲ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ ਤੋਂ ਹਵਾਈ ਕਿਰਾਏ ਵਿੱਚ ਕੀਤੇ ਗਏ ਅਚਾਨਕ ਵਾਧੇ ‘ਤੇ ਵੀ ਮੈਂਬਰਾਂ ਨੇ ਚਿੰਤਾਵਾਂ ਵੀ ਜ਼ਾਹਰ ਕੀਤੀਆਂ।
ਹੋਰ ਮੁੱਦਿਆਂ ਦੇ ਨਾਲ, ਸੂਤਰਾਂ ਨੇ ਕਿਹਾ ਕਿ ਕੁਝ ਮੈਂਬਰਾਂ ਨੇ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (Bureau of Civil Aviation Security – BCAS) ਦੇ ਆਡਿਟ ਦੀ ਮੰਗ ਕੀਤੀ।
ਸੀਨੀਅਰ ਕਾਂਗਰਸੀ ਆਗੂ ਕੇਸੀ ਵੇਣੂਗੋਪਾਲ ਦੀ ਅਗਵਾਈ ਵਾਲੀ ਪੀਏਸੀ ਨਾਲ ਹੋਈ ਮੀਟਿੰਗ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਹੀ ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਕੈਂਪਬੈਲ ਵਿਲਸਨ (Air India CEO and MD Campbell Wilson) ਸਮੇਤ ਚੋਟੀ ਦੇ ਏਅਰਲਾਈਨ ਪ੍ਰਤੀਨਿਧੀ ਮੌਜੂਦ ਸਨ। ਇਸ ਮੌਕੇ ਕਈ ਕਮੇਟੀ ਮੈਂਬਰਾਂ ਨੇ 12 ਜੂਨ ਨੂੰ ਏਅਰ ਇੰਡੀਆ ਜਹਾਜ਼ ਨੂੰ ਪੇਸ਼ ਆਏ ਹਾਦਸੇ ਦਾ ਜ਼ਿਕਰ ਕੀਤਾ।
ਸੂਤਰਾਂ ਨੇ ਦੱਸਿਆ ਕਿ ਇੱਕ ਮੈਂਬਰ ਨੇ ਮੰਤਰਾਲੇ ਦੇ ਅਧਿਕਾਰੀਆਂ ਤੋਂ ਜਹਾਜ਼ ਦੇ ਬਲੈਕ ਬਾਕਸ ਦੇ ਵਿਸ਼ਲੇਸ਼ਣ ਨੂੰ ਪੂਰਾ ਕਰਨ ਲਈ ਸਮਾਂ ਸੀਮਾ ਦੱਸੇ ਜਾਣ ਦੀ ਮੰਗ ਕੀਤੀ। ਗ਼ੌਰਤਲਬ ਹੈ ਕਿ 12 ਜੂਨ ਨੂੰ ਲੰਡਨ ਗੈਟਵਿਕ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੇ ਅਹਿਮਦਾਬਾਦ ਵਿੱਚ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਏ ਭਿਆਨਕ ਹਾਦਸੇ ਵਿੱਚ ਲਗਭਗ 270 ਲੋਕ ਮਾਰੇ ਗਏ ਸਨ।