ਮੁੰਬਈ- ਭਾਰਤ-ਅਮਰੀਕਾ ਵਪਾਰ ਸਮਝੌਤੇ ਸਿਰੇ ਚੜ੍ਹਨ ਦੀ ਆਸ ਦਰਮਿਆਨ ਏਸ਼ਿਆਈ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ਼ ਨੂੰ ਦਰਸਾਉਂਦੇ ਹੋਏ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਤੇ ਨਿਫਟੀ ਵਿਚ ਤੇਜ਼ੀ ਆਈ। ਸਮੀਖਿਅਕਾਂ ਨੇ ਕਿਹਾ ਕਿ ਅਮਰੀਕਾ ਵੀਅਤਨਾਮ ਵਪਾਰ ਸਮਝੌਤੇ ਦਾ ਵੀ ਘਰੇਲੂ ਸ਼ੇਅਰ ਬਾਜ਼ਾਰ ਉੱਤੇ ਸਕਾਰਾਤਮਕ ਅਸਰ ਪਿਆ। ਉੱਧਰ ਆਲਮੀ ਪੱਧਰ ’ਤੇ ਜੋਖ਼ਮ ਦੀ ਭਾਵਨਾ ਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਕਰਕੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 8 ਪੈਸੇ ਡਿੱਗ ਕੇ 85.70 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ।
ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 242.83 ਅੰਕ ਵਧ ਕੇ 83,652.52 ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ NSE ਨਿਫਟੀ 83.65 ਅੰਕ ਵਧ ਕੇ 25,537.05 ’ਤੇ ਪਹੁੰਚ ਗਿਆ। ਸੈਂਸੈਕਸ ਕੰਪਨੀਆਂ ਵਿੱਚੋਂ ਏਸ਼ੀਅਨ ਪੇਂਟਸ, ਟਾਟਾ ਸਟੀਲ, ਇਨਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਈਟਰਨਲ ਅਤੇ ਟਾਟਾ ਮੋਟਰਜ਼ ਮੁੱਖ ਲਾਭ ਪ੍ਰਾਪਤ ਕਰਨ ਵਾਲੇ ਰਹੇ। ਹਾਲਾਂਕਿ, ਕੋਟਕ ਮਹਿੰਦਰਾ ਬੈਂਕ, ਬਜਾਜ ਫਾਈਨੈਂਸ, ਟਰੈਂਟ ਅਤੇ ਬਜਾਜ ਫਿਨਸਰਵ ਦੇ ਸ਼ੇਅਰ ਘਾਟੇ ਵਿੱਚ ਸਨ। ਏਸ਼ਿਆਈ ਬਾਜ਼ਾਰਾਂ ਵਿੱਚ, ਚੀਨ ਦਾ ਸ਼ੰਘਾਈ SSE ਕੰਪੋਜ਼ਿਟ ਅਤੇ ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ 225 ਲਾਭ ਵਿੱਚ ਸਨ ਜਦੋਂ ਕਿ ਹਾਂਗ ਕਾਂਗ ਦਾ ਹੈਂਗਸੇਂਗ ਘਾਟੇ ਵਿੱਚ ਸੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਜ਼ਿਆਦਾਤਰ ਵਾਧੇ ਨਾਲ ਬੰਦ ਹੋਏ।