March 29, 2026
ਖਾਸ ਖ਼ਬਰਚੰਡੀਗੜ੍ਹਪੰਜਾਬ

 ਡਾ. ਸੁਰਜੀਤ ਸਿੰਘ ਲੀ ਨੂੰ ਪ੍ਰਗਤੀਸ਼ੀਲ ਵਿਦਾਇਗੀ

Dr. A progressive farewell to Surjit Singh Lee

ਪਟਿਆਲਾ। ਪੰਜਾਬੀ ਭਾਸ਼ਾ, ਸੱਭਿਆਚਾਰ, ਲੋਕਧਾਰਾ ਅਤੇ ਵਿਰਾਸਤ ਦੇ ਵਿਦਵਾਨ ਲੇਖਕ, ਆਲੋਚਕ, ਸਿੱਖਿਆ ਸ਼ਾਸਤਰੀ ਡਾ. ਸੁਰਜੀਤ ਸਿੰਘ ਲੀ ਵਿਛੋੜਾ ਦੇ ਗਏ। ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹੋਣ ਕਾਰਨ ਉਹ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਸਨ, ਜਿੱਥੇ 16 ਅਪ੍ਰੈਲ ਦੀ ਰਾਤ ਉਨ੍ਹਾਂ ਦੀ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਡਾ. ਹਰਿੰਦਰ ਕੌਰ ਸੋਹੀ ਅਤੇ ਦੋ ਬੇਟੀਆਂ ਨੂੰ ਛੱਡ ਗਏ ਹਨ।
ਪਟਿਆਲਾ ਦੇ ਬੀਰ ਜੀ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਨੂੰ ਬਗੈਰ ਕਿਸੇ ਧਾਰਮਿਕ ਕਰਮਕਾਂਡ ਤੋਂ ਪ੍ਰਗਤੀਸ਼ੀਲ ਤਰੀਕੇ ਨਾਲ ਅੰਤਿਮ ਵਿਦਾਈ ਦਿੱਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰੋ ਪਰਮਿੰਦਰ ਹੋਰਾਂ ਨੇ ਵਿਦਿਆਰਥੀ ਲਹਿਰ, ਮਾਰਕਸਵਾਦੀ ਚਿੰਤਨ, ਪੰਜਾਬੀ ਭਾਸ਼ਾ, ਪੰਜਾਬ ਦੀ ਲੋਕਧਾਰਾ ਅਤੇ ਵਿਰਾਸਤ ਦੇ ਖੇਤਰ ਵਿੱਚ ਇੱਕ ਖੋਜੀ ਕਾਮੇ ਦੇ ਤੌਰ ਪ੍ਰੋ. ਲੀ ਦੇ ਯੋਗਦਾਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਪ੍ਰੋ ਸੁਰਜੀਤ ਲੀ ਅਮਰ ਰਹੇ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਉਨ੍ਹਾਂ ਦੀਆਂ ਬੇਟੀਆਂ ਸ਼ਾਹੀਨਾ ਸੋਹੀ ਅਤੇ ਨੀਲੋਫ਼ਰ ਸੋਹੀ ਨੇ ਉਨ੍ਹਾਂ ਦੀ ਦੇਹ ਅਗਨ ਭੇੰਟ ਕੀਤੀ।
ਦੱਸਣਯੋਗ ਹੈ ਕਿ ਪ੍ਰੋ. ਲੀ ਪੰਜਾਬੀ ਯੂਨੀਵਰਸਿਟੀ ਦੇ ਮਾਨਵ ਵਿਗਿਆਨਿਕ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਵਿਭਾਗ ਦੇ ਸਾਬਕਾ ਮੁੱਖੀ ਅਤੇ ਪ੍ਰੋਫੈਸਰ ਸਨ। ਆਪਣੀ ਕਿਤਾਬ ‘ਓਰਲ ਟਰਡੀਸ਼ਨ ਐਂਡ ਕਲਚਰਲ ਹੈਰੀਟੇਜ ਆਫ਼ ਪੰਜਾਬ’ ਰਾਹੀਂ ਉਨ੍ਹਾਂ ਨੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਅਤੇ ਲੋਕ ਸਾਹਿਤ ਵਿੱਚ ਮੌਖਿਕ ਪਰੰਪਰਾ ਦੇ ਯੋਗਦਾਨ ਨੂੰ ਉਭਾਰਿਆ। ਉਹ ਪੰਜਾਬ ਦੇ ਸਾਹਿਤ ਅਤੇ ਸਿੱਖਿਆ ਜਗਤ ਵਿੱਚ ਮਸ਼ਹੂਰ ‘ਭੂਤਵਾੜਾ’ ਦੇ ਮੁੱਢਲੇ ਮੈਂਬਰਾਂ ਚੋਂ ਸਨ। ਜਮਹੂਰੀ ਅਧਿਕਾਰ ਸਭਾ, ਪੰਜਾਬ ਲੋਕ ਸੱਭਿਆਚਾਰਕ ਮੰਚ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਸਮੇਤ ਅਨੇਕ ਸੰਸਥਾਵਾਂ ਨਾਲ ਜੁੜੇ ਪ੍ਰੋ. ਲੀ ਹਮੇਸ਼ਾ ਪੰਜਾਬੀ ਭਾਸ਼ਾ ਅਤੇ ਲੋਕ ਹਿਤਾਂ ਦੇ ਪੈਰੋਕਾਰ ਰਹੇ। ਉਨ੍ਹਾਂ ਦੀ ਅੰਤਿਮ ਵਿਦਾਇਗੀ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਸੰਯੋਜਕ ਡਾ. ਦਰਸ਼ਨ ਪਾਲ, ਜਗਮੋਹਨ ਉੱਪਲ, ਪ੍ਰਸਿੱਧ ਅਰਥਸ਼ਾਸ਼ਤਰੀ ਰਣਜੀਤ ਸਿੰਘ ਘੁੰਮਣ, ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਵੀਰਪਾਲ ਕੌਰ, ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਸੀਨੀਅਰ ਪੱਤਰਕਾਰ ਬਲਜੀਤ ਬੱਲੀ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਡਾ. ਆਰਸੀ ਗੁਪਤਾ, ਡਾ. ਰਜਿੰਦਰਪਾਲ ਸਿੰਘ ਬਰਾੜ, ਅਮੋਲਕ ਸਿੰਘ, ਡਾ. ਗੁਰਦੀਸ਼ ਕੌਰ ਬਾਜਵਾ, ਡਾ. ਜਸਵਿੰਦਰ ਬਰਾੜ, ਡਾ. ਪੁਸ਼ਪਿੰਦਰ ਕੌਰ, ਡਾ. ਗੁਰਜੰਟ ਸਿੰਘ, ਰਮਿੰਦਰ ਪਟਿਆਲਾ, ਡਾ. ਧਰਮਿੰਦਰ ਸਿੰਘ, ਡਾ. ਅਜੀਤਾ ਸਿੰਘ, ਵਾਤਾਵਰਣ ਸੇਵੀ ਅਮਨ ਅਰੋੜਾ ਸਮੇਤ ਭਾਸ਼ਾ, ਸਿੱਖਿਆ ਅਤੇ ਸਮਾਜਿਕ ਖੇਤਰ ਦੇ ਕਈ ਵਿਦਵਾਨ ਅਤੇ ਪਤਵੰਤੇ ਲੋਕ ਹਾਜ਼ਰ ਸਨ।
ਪੰਜਾਬੀ ਯੂਨੀਵਰਸਿਟੀ ਨੇ ਆਪਣੇ ਬੁਲਾਰੇ ਰਾਹੀਂ ਉਨ੍ਹਾਂ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਰਾਸਤ ਦੇ ਵੱਖ-ਵੱਖ ਪੱਖਾਂ ਉੱਤੇ ਖੋਜ ਕਰਨ ਵਾਲੇ ਪ੍ਰੋਫੈਸਰ ਸੁਰਜੀਤ ਸਿੰਘ ਲੀ ਦਾ ਤੁਰ ਜਾਣਾ ਪੰਜਾਬੀ ਸਮਾਜ ਅਤੇ ਅਕਾਦਮਿਕ ਦੁਨੀਆ ਲਈ ਵੱਡਾ ਘਾਟਾ ਹੈ। ਪੰਜਾਬੀ ਯੂਨੀਵਰਸਿਟੀ, ਪ੍ਰੋਫੈਸਰ ਸੁਰਜੀਤ ਸਿੰਘ ਲੀ ਦੇ ਵਿਦਿਆਰਥੀਆਂ, ਦੋਸਤਾਂ, ਸੰਗੀਆਂ-ਸਨੇਹੀਆਂ ਅਤੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਨੂੰ ਜਾਣਨ ਵਾਲੇ ਵਡੇਰੇ ਘੇਰੇ ਦੇ ਦੁੱਖ ਵਿੱਚ ਸ਼ਰੀਕ ਹੈ। ਮਾਤਾ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਦੇ ਸੰਯੋਜਕ ਗੁਰਮਿੰਦਰ ਸਮਦ ਅਤੇ ਸਹਿਸੰਯੋਜਕ ਅਮਨ ਅਰੋੜਾ ਨੇ ਕਿਹਾ ਕਿ ਡਾ. ਲੀ ਦੇ ਤੁਰ ਜਾਣ ਨਾਲ ਬੌਧਿਕਤਾ, ਵਿਚਾਰ ਅਤੇ ਗਿਆਨ ਦਾ ਇੱਕ ਵੱਗਦਾ ਦਰਿਆ ਸੁੱਕ ਗਿਆ ਹੈ।

*ਪੰਜਾਬੀ ਜਾਗਰਣ ਤੋਂ ਧੰਨਵਾਦ ਸਹਿਤ

Related posts

ਬੀ ਐੱਸ ਐੱਫ ਵੱਲੋਂ ਬੰਗਲਾਦੇਸ਼ ਦਾ ਦਾਅਵਾ ਖਾਰਜ

Current Updates

ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਮੁੰਬਈ ਹਵਾਈ ਅੱਡੇ ’ਤੇ ਪੰਜ ਘੰਟਿਆਂ ਤੱਕ ‘ਰੋਕੀ’ ਰੱਖੀ

Current Updates

ਪਟਨਾ ’ਚ ਤੇਜਸਵੀ ਯਾਦਵ ਦੀ ਰੈਲੀ ਦੌਰਾਨ ਡਰੋਨ ਸਟੇਜ ਨਾਲ ਟਕਰਾਇਆ; ਆਜੇਡੀ ਆਗੂ ਨੇ ਫੁਰਤੀ ਨਾਲ ਝੁਕ ਕੀਤਾ ਬਚਾਅ

Current Updates

Leave a Comment