ਨਵੀਂ ਦਿੱਲੀ- ਹਵਾਈ ਜਹਾਜ਼ਾਂ ਵਿਚ ਵਰਤੇ ਜਾਂਦੇ ਈਂਧਣ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿਚ 7.5 ਫੀਸਦ ਦਾ ਇਜ਼ਾਫ਼ਾ ਕੀਤਾ ਗਿਆ ਹੈ ਜਦੋਂਕਿ ਕਮਰਸ਼ਲ ਐੱਲਪੀਜੀ ਸਿਲੰਡਰ 58.50 ਰੁਪਏ ਪ੍ਰਤੀ ਸਿਲੰਡਰ ਸਸਤਾ ਹੋ ਗਿਆ ਹੈ।
ਸਰਕਾਰੀ ਮਾਲਕੀ ਵਾਲੇ ਈਂਧਣ ਰਿਟੇਲਰਾਂ ਮੁਤਾਬਕ ਲਗਾਤਾਰ ਤਿੰਨ ਵਾਰ ਜੈੱਟ ਫਿਊਲ ਦੀਆਂ ਕੀਮਤਾਂ ਵਿਚ ਕਟੌਤੀ ਮਗਰੋਂ ਐਤਕੀਂ ਏਵੀਏਸ਼ਨ ਟਰਬਾਈਨ ਫਿਊਲ ਦੀ ਕੀਮਤ ਵਿਚ ਪ੍ਰਤੀ ਕਿਲੋਲਿਟਰ 6217.5 ਰੁਪਏ ਜਾਂ 7.5 ਫੀਸਦ ਦਾ ਵਾਧਾ ਕੀਤਾ ਗਿਆ ਹੈ। ਇਸ ਨਵੇਂ ਵਾਧੇ ਨਾਲ ਕੌਮੀ ਰਾਜਧਾਨੀ, ਜੋ ਦੇਸ਼ ਦੇ ਸਭ ਤੋਂ ਰੁਝੇਵਿਆਂ ਵਾਲੇ ਹਵਾਈ ਅੱਡਿਆਂ ’ਚੋਂ ਇਕ ਹੈ, ਵਿਚ ਜੈੱਟ ਈਂਧਣ ਦੀ ਕੀਮਤ 89,344.05 ਪ੍ਰਤੀ ਕਿਲੋਲਿਟਰ ਨੂੰ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਪਹਿਲੀ ਜੂਨ ਨੂੰ ਏਟੀਐੱਫ ਦੀ ਕੀਮਤ ਵਿਚ ਪ੍ਰਤੀ ਕਿਲੋ ਲਿਟਰ 2,414.25 ਰੁਪਏ, 1 ਮਈ ਨੂੰ 3,954.38 ਰੁਪਏ ਤੇ 1 ਅਪਰੈਲ ਨੂੰ 5,870.54 ਰੁਪਏ ਪ੍ਰਤੀ ਕਿਲੋ ਲਿਟਰ ਦੀ ਕਟੌਤੀ ਕੀਤੀ ਗਈ ਸੀ। ਜੈੱਟ ਈਂਧਣ ਦੀਆਂ ਕੀਮਤਾਂ ਵਿਚ ਵਾਧੇ ਕਰਕੇ ਪੈਣ ਵਾਲੇ ਅਸਰ ਬਾਰੇ ਏਅਰਲਾਈਨਾਂ ਨੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਸ ਦੇ ਨਾਲ ਹੀ ਤੇਲ ਕੰਪਨੀਆਂ ਨੇ ਵਪਾਰਕ ਐੱਲਪੀਜੀ ਦੀ ਕੀਮਤ 19 ਕਿਲੋਗ੍ਰਾਮ ਪ੍ਰਤੀ ਸਿਲੰਡਰ 58.5 ਰੁਪਏ ਘਟਾ ਦਿੱਤੀ ਹੈ। ਵਪਾਰਕ ਐਲਪੀਜੀ ਦੀ ਕੀਮਤ ਹੁਣ ਕੌਮੀ ਰਾਜਧਾਨੀ ਵਿੱਚ 1,665 ਰੁਪਏ ਅਤੇ ਮੁੰਬਈ ਵਿੱਚ 1,616.50 ਰੁਪਏ ਹੈ। ਇਹ ਵਪਾਰਕ ਐਲਪੀਜੀ ਦੀਆਂ ਦਰਾਂ ਵਿੱਚ ਲਗਾਤਾਰ ਚੌਥੀ ਕਟੌਤੀ ਹੈ। ਕੀਮਤਾਂ ਵਿੱਚ ਆਖਰੀ ਵਾਰ 1 ਜੂਨ ਨੂੰ ਪ੍ਰਤੀ 19 ਕਿਲੋਗ੍ਰਾਮ ਸਿਲੰਡਰ 24 ਰੁਪਏ ਘਟਾਇਆ ਗਿਆ ਸੀ। ਇਸ ਤੋਂ ਪਹਿਲਾਂ 1 ਮਈ ਨੂੰ 14.50 ਰੁਪਏ ਦੀ ਕਟੌਤੀ ਕੀਤੀ ਗਈ ਸੀ ਅਤੇ 1 ਅਪਰੈਲ ਨੂੰ ਪ੍ਰਤੀ ਸਿਲੰਡਰ 41 ਰੁਪਏ ਦੀ ਕਟੌਤੀ ਕੀਤੀ ਗਈ ਸੀ। ਕੁੱਲ ਮਿਲਾ ਕੇ ਅਪ੍ਰੈਲ ਤੋਂ ਹੁਣ ਤੱਕ ਕੀਮਤਾਂ ਵਿੱਚ ਪ੍ਰਤੀ ਸਿਲੰਡਰ 138 ਰੁਪਏ ਦੀ ਕਟੌਤੀ ਕੀਤੀ ਗਈ ਹੈ।