ਨਵੀਂ ਦਿੱਲੀ-ਏਆਈਐਮਆਈਐਮ ਦੇ ਪ੍ਰਧਾਨ ਅਸਦੂਦੀਨ ਓਵਾਇਸੀ ਨੇ ਵੀਰਵਾਰ ਨੂੰ ਕਿਹਾ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਕੋਈ ਬਹੁਤਾ ਅੰਤਰ ਨਹੀਂ ਹੈ ਅਤੇ ਉਹ ਇਕੋ ਕੱਪੜੇ ਨਾਲੋਂ ਕੱਟੇ ਗਏ ਹਨ। ਸ਼ਿਫਾ-ਉਰ-ਰਹਿਮਾਨ ਲਈ ਪ੍ਰਚਾਰ ਕਰਦੇ ਹੋਏ ਕਿਹਾ ਉਨ੍ਹਾਂ ਕਿਹਾ ‘‘ਮੋਦੀ ਅਤੇ ਕੇਜਰੀਵਾਲ ਭਰਾਵਾਂ ਵਾਂਗ ਹਨ, ਇੱਕੋ ਸਿੱਕੇ ਦੇ ਦੋ ਪਹਿਲੂ। ਦੋਵੇਂ ਆਰਐਸਐਸ ਦੀ ਵਿਚਾਰਧਾਰਾ ਤੋਂ ਉੱਭਰੇ ਹਨ – ਇੱਕ ਇਸਦੀ ‘ਸ਼ਾਖਾ’ ਤੋਂ ਅਤੇ ਦੂਜਾ ਇਸ ਦੀਆਂ ਸੰਸਥਾਵਾਂ ਤੋਂ।’’
ਓਵਇਸੀ ਨੇ ਸ਼ਾਹੀਨ ਬਾਗ ਵਿਚ ਸੈਰ ਵੀ ਕੀਤੀ ਅਤੇ ਲੋਕਾਂ ਨੂੰ 5 ਫਰਵਰੀ ਦੀਆਂ ਦਿੱਲੀ ਚੋਣਾਂ ਵਿੱਚ ਆਪਣੀ ਪਾਰਟੀ ਦੇ ਚੋਣ ਨਿਸ਼ਾਨ “ਪਤੰਗ” ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਨੇ ਦੋ ਉਮੀਦਵਾਰ ਖੜ੍ਹੇ ਕੀਤੇ ਹਨ ਜਿੰਨ੍ਹਾਂ ਵਿਚ ਮੁਸਤਫਾਬਾਦ ਤੋਂ ਤਾਹਿਰ ਹੁਸੈਨ ਅਤੇ ਓਖਲਾ ਤੋਂ ਸ਼ਿਫਾ-ਉਰ-ਰਹਿਮਾਨ ਹਨ। ਦੋਵੇਂ ਉਮੀਦਵਾਰ ਇਸ ਸਮੇਂ 2020 ਦੇ ਦਿੱਲੀ ਦੰਗਿਆਂ ਦੇ ਮਾਮਲਿਆਂ ਵਿੱਚ ਜੇਲ੍ਹ ਵਿੱਚ ਹਨ।
ਜ਼ਿਕਰਯੋਗ ਹੈ ਕਿ ਤਾਹਿਰ ਹੁਸੈਨ ਜਦੋਂ ਜੇਲ੍ਹ ਗਿਆ ਤਾਂ ਉਹ ਆਮ ਆਦਮੀ ਪਾਰਟੀ ਦਾ ਕੌਂਸਲਰ ਸੀ। ਉਹ ਪਿਛਲੇ ਦਸੰਬਰ ਵਿੱਚ ਏਆਈਐਮਆਈਐਮ ਵਿੱਚ ਸ਼ਾਮਲ ਹੋਇਆ। ਆਪਣੇ ਸੰਬੋਧਨ ਦੌਰਾਨ ਓਵਾਇਸੀ ਨੇ ਨਿਆਂਇਕ ਪ੍ਰਕਿਰਿਆ ’ਚ ਪੱਖਪਾਤ ਦਾ ਦੋਸ਼ ਲਾਉਂਦਿਆਂ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ’ਤੇ ਸਵਾਲ ਚੁੱਕੇ।