ਨਵੀਂ ਦਿੱਲੀ- ਜਨਤਾ ਦਲ (ਯੂ) ਦੇ ਸੰਸਦ ਮੈਂਬਰ ਸੰਜੇ ਝਾਅ ਦੀ ਅਗਵਾਈ ਹੇਠ ਇੱਕ ਸਰਬ ਪਾਰਟੀ ਵਫ਼ਦ ਬੁੱਧਵਾਰ ਨੂੰ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅਤਿਵਾਦ ਬਾਰੇ ਭਾਰਤ ਦੇ ਵਿਚਾਰ ਰੱਖਣ ਲਈ ਜਾਪਾਨ ਲਈ ਰਵਾਨਾ ਹੋਇਆ ਹੈ। ਇਹ ਵਫ਼ਦ ਅਪਰੇਸ਼ਨ ਸਿੰਧੂਰ ਅਤੇ ਉਸ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਨਵੀਂ ਦਿੱਲੀ ਦੇ ਸੰਪਰਕ ਦੇ ਹਿੱਸੇ ਵਜੋਂ ਦੱਖਣੀ ਕੋਰੀਆ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਸਿੰਗਾਪੁਰ ਦਾ ਵੀ ਦੌਰਾ ਕਰੇਗਾ।
ਝਾਅ ਦੀ ਅਗਵਾਈ ਵਾਲੇ ਵਫ਼ਦ ਵਿੱਚ ਭਾਜਪਾ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ, ਬ੍ਰਿਜਲਾਲ, ਪ੍ਰਧਾਨ ਬਰੂਆ ਅਤੇ ਹੇਮਾਂਗ ਜੋਸ਼ੀ, ਕਾਂਗਰਸ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ, ਟੀਐੱਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ, ਸੀਪੀਆਈ (ਐਮ) ਦੇ ਜੌਨ ਬ੍ਰਿਟਾਸ ਅਤੇ ਸਾਬਕਾ ਰਾਜਦੂਤ ਮੋਹਨ ਕੁਮਾਰ ਸ਼ਾਮਲ ਹਨ। ਸਰਕਾਰ ਪਾਕਿਸਤਾਨ ਦੇ ਮਨਸੂਬਿਆਂ ਅਤੇ ਅਤਿਵਾਦ ਪ੍ਰਤੀ ਭਾਰਤ ਦੇ ਜਵਾਬ ਬਾਰੇ ਕੋਮਾਂਤਰੀ ਭਾਈਚਾਰੇ ਤੱਕ ਪਹੁੰਚਣ ਲਈ ਸੱਤ ਸਰਬ-ਪਾਰਟੀ ਵਫ਼ਦ ਭੇਜ ਰਹੀ ਹੈ।