ਮੁੰਬਈ- ਆਲਮੀ ਬੇਯਕੀਨੀ ਵਿਚਾਲੇ ਵਿਪਰੋ ਵੱਲੋਂ ਕਮਜ਼ੋਰ ਤਿਮਾਹੀ ਦੀ ਚੇਤਾਵਨੀ ਦਿੱਤੇ ਜਾਣ ਕਰਕੇ ਆਈਟੀ ਸ਼ੇਅਰਾਂ ਵਿਚ ਮੰਦੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ ਹੈ।
30-ਸ਼ੇਅਰਾਂ ਵਾਲਾ ਬੰਬੇ ਸਟਾਕ ਐਕਸਚੇਂਜ (BSE) ਦਾ ਬੈਂਚਮਾਰਕ ਸੈਂਸੈਕਸ (Sensex) ਸ਼ੁਰੂਆਤੀ ਕਾਰੋਬਾਰ ਵਿੱਚ 362 ਅੰਕ ਡਿੱਗ ਕੇ 76,682.29 ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 129.75 ਅੰਕ ਡਿੱਗ ਕੇ 23,307.45 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਐਚਸੀਐਲ ਟੈਕ, ਟਾਟਾ ਸਟੀਲ, ਟੈਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਲਾਰਸਨ ਐਂਡ ਟੂਬਰੋ ਅਤੇ ਟਾਈਟਨ ਸਭ ਤੋਂ ਵੱਧ ਪੱਛੜ ਗਏ। ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ, ਭਾਰਤੀ ਏਅਰਟੈੱਲ ਅਤੇ ਸਟੇਟ ਬੈਂਕ ਆਫ਼ ਇੰਡੀਆ ਲਾਭ ਵਿੱਚ ਸਨ।
ਕਾਬਿਲੇਗੌਰ ਹੈ ਕਿ ਵਿਪਰੋ ਨੇ ਬੁੱਧਵਾਰ ਨੂੰ ਆਲਮੀ ਬੇਯਕੀਨੀ ਦਰਮਿਆਨ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਲਈ ਆਈਟੀ ਸੇਵਾਵਾਂ ਦੇ ਮਾਲੀਏ ਵਿੱਚ 3.5 ਪ੍ਰਤੀਸ਼ਤ ਤੱਕ ਦੀ ਗਿਰਾਵਟ ਦੇ ਨਾਲ ਇੱਕ ਕਮਜ਼ੋਰ ਤਿਮਾਹੀ ਦੀ ਚੇਤਾਵਨੀ ਦਿੱਤੀ ਹੈ। ਵਿਪਰੋ ਦੇ ਸ਼ੇਅਰਾਂ ਵਿੱਚ 5 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ।
ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ, ਟੋਕੀਓ ਦਾ ਨਿੱਕੇਈ 225, ਸ਼ੰਘਾਈ ਐਸਐਸਈ ਕੰਪੋਜ਼ਿਟ ਇੰਡੈਕਸ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਗ੍ਰੀਨ ਜ਼ੋਨ ਵਿਚ ਰਹੇ। ਯੂਐਸ ਬਾਜ਼ਾਰ ਬੁੱਧਵਾਰ ਨੂੰ ਕਾਫ਼ੀ ਹੇਠਾਂ ਬੰਦ ਹੋਇਆ।
ਉਧਰ ਘਰੇਲੂ ਇਕੁਇਟੀ ਵਿੱਚ ਵਿਦੇਸ਼ੀ ਫੰਡਾਂ ਦੇ ਨਵੇਂ ਪ੍ਰਵਾਹ ਅਤੇ ਕਮਜ਼ੋਰ ਅਮਰੀਕੀ ਮੁਦਰਾ ਵਿਚਾਲੇ, ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਰੁਪੱਈਆ ਲਗਾਤਾਰ ਚੌਥੇ ਸੈਸ਼ਨ ਲਈ ਮਜ਼ਬੂਤ ਹੋਇਆ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ 10 ਪੈਸੇ ਵਧ ਕੇ 85.54 ’ਤੇ ਪਹੁੰਚ ਗਿਆ।
ਹਾਲਾਂਕਿ, ਵਿਦੇਸ਼ੀ ਮੁਦਰਾ ਵਪਾਰੀਆਂ ਮੁਤਾਬਕ ਇਕੁਇਟੀ ਬਾਜ਼ਾਰ ਦੀ ਭਾਵਨਾ ਵਿੱਚ ਗਿਰਾਵਟ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਥੋੜ੍ਹੀ ਜਿਹੀ ਰਿਕਵਰੀ ਨੇ ਸਥਾਨਕ ਮੁਦਰਾ ਨੂੰ ਦਬਾਅ ਵਿੱਚ ਪਾ ਦਿੱਤਾ। ਰੁਪੱਈਆ ਬੁੱਧਵਾਰ ਦੇ ਸੈਸ਼ਨ ਵਿੱਚ ਡਾਲਰ ਦੇ ਮੁਕਾਬਲੇ 16 ਪੈਸੇ ਦੇ ਵਾਧੇ ਨਾਲ 85.64 ’ਤੇ ਬੰਦ ਹੋਇਆ ਸੀ।