ਬੈਂਕਾਕ: ਇੱਥੋਂ ਦੇ ਵਾਸੀਆਂ ਨੇ ਥਾਈਂ ਨਵੇਂ ਸਾਲ ਦੀ ਸ਼ੁਰੂਆਤ ਇਕ ਦੂਜੇ ’ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਕੀਤੀ। ਇਸ ਮੌਕੇ ਥਾਈਲੈਂਡ ਵਾਸੀਆਂ ਨੇ ਰੰਗ ਬਿਰੰਗੀਆਂ ਕਮੀਜ਼ਾਂ ਪਾਈਆਂ ਹੋਈਆਂ ਸਨ ਤੇ ਉਨ੍ਹਾਂ ਇਕ ਦੂਜੇ ’ਤੇ ਬੰਦੂਕਾਂ ਰਾਹੀਂ ਪਾਣੀ ਸੁੱਟਿਆ। ਇਹ ਤਿਉਹਾਰ ਪਾਣੀ ਨਾਲ ਨਵਿਆਉਣ, ਸ਼ੁੱਧਤਾ ਅਤੇ ਇੱਕ ਨਵੀਂ ਸ਼ੁਰੂਆਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਸ ਦੌਰਾਨ ਕੁਝ ਲੋਕਾਂ ਨੇ ਪਿੱਕਅੱਪ ਟਰੱਕਾਂ ਦੇ ਪਿਛਲੇ ਹਿੱਸੇ ਤੋਂ ਪਾਣੀ ਦਾ ਛਿੜਕਾਅ ਕੀਤਾ। ਦੱਸਣਾ ਬਣਦਾ ਹੈ ਕਿ ਥਾਈਲੈਂਡ ਵਿੱਚ ਮੁੱਖ ਆਮਦਨ ਸੈਲਾਨੀਆਂ ਦੇ ਸਿਰ ’ਤੇ ਹੁੰਦੀ ਹੈ ਤੇ ਥਾਈਲੈਂਡ ਸਰਕਾਰ ਨੂੰ ਇਸ ਹਫ਼ਤੇ ਲਈ ਵਿਦੇਸ਼ੀ ਸੈਲਾਨੀਆਂ ਵਿੱਚ 8 ਫੀਸਦੀ ਵਾਧੇ ਦੀ ਉਮੀਦ ਹੈ। ਹਾਲੈਂਡ ਵਾਸੀ ਨੇ ਐਕਸ ’ਤੇ ਪੋਸਟ ਪਾ ਕੇ ਲਿਖਿਆ, ਇਹ ਬਿਲਕੁਲ ਵੱਖਰਾ ਹੈ ਅਤੇ ਸਾਨੂੰ ਨਹੀਂ ਪਤਾ ਸੀ ਕਿ ਇਹ ਇੰਨਾ ਮਜ਼ੇਦਾਰ ਹੋਵੇਗਾ। ਮੈਨੂੰ ਪਾਣੀ ਬਹੁਤ ਪਸੰਦ ਹੈ।’
ਜ਼ਿਕਰਯੋਗ ਹੈ ਕਿ ਇਹ ਤਿਉਹਾਰ ਮਾਰਚ ਵਿੱਚ ਗੁਆਂਢੀ ਦੇਸ਼ ਮਿਆਂਮਾਰ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਕੁਝ ਹਫ਼ਤਿਆਂ ਬਾਅਦ ਮਨਾਇਆ ਜਾ ਰਿਹਾ ਹੈ ਜਿਸ ਵਿੱਚ 3,500 ਤੋਂ ਵੱਧ ਲੋਕ ਮਾਰੇ ਗਏ ਸਨ। ਭੂਚਾਲ ਕਾਰਨ ਥਾਈਲੈਂਡ ਵਿੱਚ ਵੀ ਉਸਾਰੀ ਅਧੀਨ ਇੱਕ ਇਮਾਰਤ ਢਹਿ ਗਈ ਸੀ। ਇਸ ਤਿਉਹਾਰ ਕਾਰਨ ਲੋਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।