ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਮੀਂਹ ਪਿਆ ਜਦਕਿ ਲਾਹੌਲ ਅਤੇ ਸਪਿਤੀ ਜ਼ਿਲੇ ’ਚ ਕੁਝ ਥਾਵਾਂ ’ਤੇ ਹਲਕੀ ਬਰਫਬਾਰੀ ਹੋਈ। ਸਥਾਨਕ ਮੌਸਮ ਵਿਭਾਗ ਨੇ ਅੱਠ ਜ਼ਿਲ੍ਹਿਆਂ ਊਨਾ, ਬਿਲਾਪਸੁਰ, ਹਮੀਰਪੁਰ, ਕੁੱਲੂ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿੱਚ ਵੱਖ-ਵੱਖ ਥਾਵਾਂ ’ਤੇ ਗਰਜ ਨਾਲ ਬਿਜਲੀ ਚਮਕਣ ਅਤੇ ਗੜ੍ਹੇ ਪੈਣ ਦਾ ਓਰੈਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਕੁਕੁਮਸੇਰੀ ਵਿੱਚ 7 ਸੈਂਟੀਮੀਟਰ, ਗੋਂਧਲਾ ਵਿੱਚ 3 ਸੈਂਟੀਮੀਟਰ ਅਤੇ ਕੇਲੋਂਗ ਵਿੱਚ 1 ਸੈਂਟੀਮੀਟਰ ਬਰਫ਼ਬਾਰੀ ਹੋਈ। ਬਜੌਰਾ, ਬਿਲਾਪਸੂਰ, ਸਿਓਬਾਗ, ਕੋਟਖਾਈ, ਕੁਫਰੀ, ਰੇਕਾਂਗ ਪੀਓ ਅਤੇ ਤਾਬੋ ਵਿੱਚ 40-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਜਦੋਂ ਕਿ ਸੂਬੇ ਦੀ ਰਾਜਧਾਨੀ ਸ਼ਿਮਲਾ, ਸੁੰਦਰਨਗਰ, ਕਾਂਗੜਾ, ਜੁਬਰਹੱਟੀ ਅਤੇ ਭੁੰਤਰ ਵਿੱਚ ਹਨੇਰੀ ਆਈ।
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਪਿਆ। ਧਰਮਸ਼ਾਲਾ ਵਿੱਚ 40 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ ਜੋਗਿੰਦਰਨਗਰ ਅਤੇ ਬੈਜਨਾਥ ਵਿੱਚ 32-32 ਮਿਲੀਮੀਟਰ, ਜੋਟ (24.4 ਮਿਲੀਮੀਟਰ), ਡਲਹੌਜ਼ੀ (22 ਮਿਲੀਮੀਟਰ), ਪਾਲਮਪੁਰ (19.2 ਮਿਲੀਮੀਟਰ), ਸੋਲਨ (15 ਮਿਲੀਮੀਟਰ), ਮੰਡੀ (14.8 ਮਿਲੀਮੀਟਰ), ਬਰਾਤਨਗਰ (14.8 ਮਿ.ਮੀ.), ਚੰਬਾ (11 ਮਿ.ਮੀ.), ਕੋਠੀ (10.2 ਮਿ.ਮੀ.) ਅਤੇ ਜੁਬਾਰਹੱਟੀ (10.1 ਮਿ.ਮੀ.) ਮੀਂਹ ਪਿਆ। ਇੱਥੋਂ ਦੇ ਘੱਟੋ-ਘੱਟ ਤਾਪਮਾਨ ’ਚ ਕਾਫੀ ਗਿਰਾਵਟ ਦਰਜ ਕੀਤੀ ਗਈ ਅਤੇ ਕੇਲੋਂਗ ਵਿਚ ਰਾਤ ਦਾ ਤਾਪਮਾਨ 0.1 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ ਰਿਹਾ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਮੀਂਹ ਪੈਣ ਦੀਆਂ ਖਬਰਾਂ ਹਨ।