ਮੁੰਬਈ: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਅਨੁਸਾਰ ਫਿਲਮ ‘ਧਮਾਲ 4’ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ‘ਧਮਾਲ’ ਫਿਲਮ ਦੇ ਤਿੰਨ ਭਾਗ ਆ ਚੁੱਕੇ ਹਨ। ਅਗਲੇ ਸਾਲਾਂ ’ਚ ‘ਧਮਾਲ-4’ ਭਾਰਤੀ ਸਿਨੇਮਾ ’ਚ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮਾਂ ’ਚੋਂ ਇਕ ਹੈ। ਨਿਰਦੇਸ਼ਕ ਇੰਦਰ ਕੁਮਾਰ ਨੇ ਇਸ ਦੇ ਚੌਥੇ ਭਾਗ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਅੱਜ ਮਹਾਰਾਸ਼ਟਰ ਦੇ ਮਾਲਸ਼ੇਜ ਘਾਟ ’ਤੇ ਫਿਲਮ ਦੇ ਪਹਿਲੇ ਪੜਾਅ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਅਜੈ ਦੇਵਗਨ ਨੇ ਸੋਸ਼ਲ ਮੀਡੀਆ ਪੋਸਟ ’ਚ ਦੱਸਿਆ ਕਿ ਅਗਲੇ ਪੜਾਅ ਦੀ ਸ਼ੂਟਿੰਗ ਮੁੰਬਈ ਵਿੱਚ ਕੀਤੀ ਜਾਵੇਗੀ। ਫਿਲਮ ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਅਦਾਕਾਰ ਅਜੈ ਦੇਵਗਨ ਨੇ ਇੰਸਟਾਗ੍ਰਾਮ ’ਤੇ ਨਿਰਮਾਤਾਵਾਂ ਤੇ ਕਾਸਟ ਟੀਮ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ’ਚ ਮਾਲਸ਼ੇਜ ਘਾਟ ’ਤੇ ਅਜੈ ਦੇਵਗਨ, ਸੰਜੈ ਮਿਸ਼ਰਾ, ਅਰਸ਼ਦ ਵਾਰਸੀ, ਜਾਵੇਦ ਜਾਫ਼ਰੀ, ਰਿਤੇਸ਼ ਦੇਸ਼ਮੁਖ, ਸੰਜੀਦਾ ਸ਼ੇਖ਼, ਅੰਜਲੀ ਆਨੰਦ ਤੇ ਉਪੇਂਦਰ ਲਿਮੇਯ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਅਦਾਕਾਰਾਂ ਨਾਲ ਨਿਰਦੇਸ਼ਕ ਇੰਦਰ ਕੁਮਾਰ ਤੇ ਨਿਰਮਾਤਾ ਭੂਸ਼ਣ ਕੁਮਾਰ ਮੌਜਦ ਹਨ। ਇਸ ਵਾਰ ‘ਧਮਾਲ’ ਦੀ ਮੁੱਖ ਕਾਸਟ ਵਿੱਚ ਰਵੀ ਕਿਸ਼ਨ ਅਤੇ ਵਿਜੈ ਪਾਟਕਰ ਵੀ ਸ਼ਾਮਲ ਹਨ। ‘ਧਮਾਲ’ ਦਾ ਪਹਿਲਾ ਭਾਗ 2007 ਵਿੱਚ ਆਇਆ ਸੀ, ਜਿਸ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ ਕੀਤਾ ਸੀ। ਇਹ ਫਿਲਮ ਅਸ਼ੋਕ ਠਾਕੇਰੀਆ ਵੱਲੋਂ ਬਣਾਈ ਗਈ ਸੀ।