ਚੰਡੀਗੜ੍ਹ- ਭਾਜਪਾ ਨੇ ਵੀਰਵਾਰ ਨੂੰ ਸੱਤਾਧਾਰੀ ‘ਆਪ’ ਦੀ ‘ਸਿੱਖਿਆ ਕ੍ਰਾਂਤੀ’ ਪਹਿਲਕਦਮੀ ਨੂੰ ‘ਉਦਘਾਟਨ ਕ੍ਰਾਂਤੀ’ ਕਿਹਾ ਅਤੇ ਦੋਸ਼ ਲਗਾਇਆ ਕਿ ਪੰਜਾਬ ਦੀ ਸਰਕਾਰ ਸਿੱਖਿਆ ਖੇਤਰ ਵਿੱਚ ਕੋਈ ਸੁਧਾਰ ਲਿਆਉਣ ਵਿੱਚ ਅਸਫ਼ਲ ਰਹੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੂਬਾ ਸਰਕਾਰ ਨੇ ਸਿੱਖਿਆ ਕ੍ਰਾਂਤੀ ਇਕ 54 ਦਿਨਾਂ ਸਿੱਖਿਆ ਉਤਸਵ ਦੀ ਸ਼ੁਰੂਆਤ ਕੀਤੀ, ਜਿਸ ਵਿੱਚ 12,000 ਸਰਕਾਰੀ ਸਕੂਲਾਂ ਵਿੱਚ 2,000 ਕਰੋੜ ਰੁਪਏ ਦੇ ਨਵੇਂ ਵਿਕਸਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਗੱਲਬਾਤ ਕਰਦਿਆਂ ਕਿਹਾ, “ਕੀ ਇਹ ‘ਸਿੱਖਿਆ ਕ੍ਰਾਂਤੀ’ ਹੈ ਜਾਂ ‘ਉਦਘਾਟਨ ਕ੍ਰਾਂਤੀ’ ਕਿਉਂਕਿ ਉਨ੍ਹਾਂ (ਆਪ ਸਰਕਾਰ) ਨੇ ਸਿੱਖਿਆ ਦੇ ਖੇਤਰ ਵਿੱਚ ਕੁਝ ਨਹੀਂ ਕੀਤਾ ਹੈ? ਪਰ ਅਸੀਂ ਰੋਜ਼ਾਨਾ ਦੇਖ ਰਹੇ ਹਾਂ ਕਿ ‘ਆਪ’ ਮੰਤਰੀ ਅਤੇ ਵਿਧਾਇਕ ਸਰਕਾਰੀ ਸਕੂਲਾਂ ਵਿੱਚ ਉਦਘਾਟਨ ਕਰ ਰਹੇ ਹਨ।
ਉਧਰ ਸੋਸ਼ਲ ਮੀਡੀਆ ’ਤੇ ਵੀ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਅਧੀਨ ਪੈਂਦੇ ਪਿੰਡ ਘੁੰਨਸ ਵਿਚ ਸਕੂਲ ਦੇ ਪਖਾਨਿਆਂ ਦੀ ਮੁਰੰਮਤ ਸਬੰਧੀ ਲਗਾਏ ਪੱਥਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਐਕਸ ਹੈਂਡਲ ’ਤੇ ਸਾਂਝਾ ਕਰਦਿਆਂ ਆਪ ਸਰਕਾਰ ’ਤੇ ਤੰਨਜ ਕੱਸਿਆ ਹੈ। ਉਨ੍ਹਾਂ ਸਵਾਲ ਕੀਤਾ, ‘‘ਕੀ ਪਖਾਨਿਆਂ ਦੀ ਮੁਰਮੰਤ ਹੈ ਸਿੱਖਿਆ ਕ੍ਰਾਂਤੀ ?’’