ਇੰਦੌਰ-ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ 28 ਸਾਲਾ ਵਿਅਕਤੀ ਦੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਉਸ ਦੀ ਪਤਨੀ, ਸੱਸ ਅਤੇ ਦੋ ਸਾਲੀਆਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਅਕਤੀ ਦੀ ਪਛਾਣ ਨਿਤਿਨ ਪਡਿਆਰ ਵਜੋਂ ਹੋਈ ਹੈ ਅਤੇ ਉਸ ਨੇ ਸੁਸਾਈਡ ਨੋਟ ਵਿੱਚ ਜ਼ਿਕਰ ਕੀਤਾ ਹੈ ਕਿ ਉਸ ਦੀ ਮੌਤ ਲਈ ਉਸ ਦੀ ਪਤਨੀ ਅਤੇ ਸਹੁਰੇ ਜ਼ਿੰਮੇਵਾਰ ਹੋਣਗੇ। ਇਸ ਮਾਮਲੇ ਸਬੰਧੀ ਜ਼ਿਲ੍ਹੇ ਦੇ ਬਾਂਗੰਗਾ ਪੁਲੀਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਰਾਮ ਸਨੇਹੀ ਮਿਸ਼ਰਾ ਨੇ ਏਐਨਆਈ ਨੂੰ ਦੱਸਿਆ ਕਿ ਇੱਕ 28 ਸਾਲਾ ਵਿਅਕਤੀ ਨਿਤਿਨ ਪਡਿਆਰ ਨੇ 20 ਜਨਵਰੀ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਅਤੇ ਇੱਕ ਸੁਸਾਈਡ ਨੋਟ ਵੀ ਛੱਡਿਆ।
ਇਸ ਮਾਮਲੇ ਦੀ ਜਾਂਚ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ ਗਏ, ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਪਤਨੀ ਹਰਸ਼ਾ ਸ਼ਰਮਾ, ਸੱਸ ਸੀਤਾ ਸ਼ਰਮਾ, ਮਿਨਾਕਸ਼ੀ ਸ਼ਰਮਾ ਅਤੇ ਵਰਸ਼ਾ ਸ਼ਰਮਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੇ ਸਬੰਧ ਵਿੱਚ ਹੋਰ ਸਬੂਤ ਅਤੇ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਰਿਵਾਰ ਵਿੱਚ ਪਹਿਲਾਂ ਤੋਂ ਝਗੜਾ ਸੀ ਅਤੇ ਰਾਜਸਥਾਨ ਵਿੱਚ ਵਿਅਕਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਘਰੇਲੂ ਹਿੰਸਾ ਅਤੇ ਦਾਜ ਲਈ ਮਾਮਲਾ ਦਰਜ ਕੀਤਾ ਗਿਆ ਸੀ। ਸੁਸਾਈਡ ਨੋਟ ਵਿਚ ਲਿਖਿਆ ਗਿਆ ਕਿ, ‘‘ਉਹ ਕਾਫੀ ਪ੍ਰੇਸ਼ਾਨ ਹੈ ਉਸਦੀ ਮੌਤ ਲਈ ਉਸਦੀ ਪਤਨੀ, ਸੱਸ ਅਤੇ ਦੋ ਸਾਲੀਆਂ (ਪਤਨੀ ਦੀ ਭੈਣ) ਜ਼ਿੰਮੇਵਾਰ ਹੋਣਗੇ।’’ ਨੋਟ ਵਿਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਕਾਰਵਾਈ ਇੱਕ ਤਰਫਾ (ਪਤਨੀ ਪੱਖ ਵਿਚ) ਕੀਤੀ ਜਾ ਰਹੀ ਹੈ ਅਤੇ ਉਸਦੀ ਚਿੰਤਾ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵਿੱਚ ਪਹਿਲਾਂ ਤੋਂ ਹੀ ਝਗੜਾ ਚੱਲ ਰਿਹਾ ਸੀ ਅਤੇ ਹਰ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ।