ਜਬਲਪੁਰ- ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਇਕ ਕਥਿਤ ਜਾਅਲੀ ਡਾਕਟਰ, ਜੋ ਕਿ ਭਾਜਪਾ ਜਬਲਪੁਰ ਮੈਡੀਕਲ ਸੈੱਲ ਦੇ ਸਹਿ-ਕਨਵੀਨਰ ਵਜੋਂ ਵੀ ਸੇਵਾ ਨਿਭਾ ਚੁੱਕਾ ਹੈ, ਬਾਰੇ ਸ਼ਿਕਾਇਤ ਤੋਂ ਬਾਅਦ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸ ਨੇ ਇੱਥੇ ਇਕ ਸਰਕਾਰੀ ਹਸਪਤਾਲ ਵਿਚ ਜਾਅਲੀ ਡਿਗਰੀ ’ਤੇ ਕੰਮ ਕੀਤਾ ਸੀ। ਸ਼ੁਭਮ ਅਵਸਥੀ ਦੇ ਖ਼ਿਲਾਫ਼ ਮਾਮਲਾ 5 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ। ਪੁਲੀਸ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਅਵਸਥੀ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ।
ਸਿਵਲ ਲਾਈਨਜ਼ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਨਹਿਰੂ ਸਿੰਘ ਖੰਡਾਤੇ ਨੇ ਸੋਮਵਾਰ ਨੂੰ ਪੀਟੀਆਈ ਨੂੰ ਦੱਸਿਆ “ਸ਼ੁਭਮ ਅਵਸਥੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ’ਤੇ ਜਾਅਲੀ ਆਯੂਸ਼ ਡਿਗਰੀ ਦੀ ਵਰਤੋਂ ਕਰਨ ਅਤੇ ਸਰਕਾਰੀ ਸੇਠ ਗੋਵਿੰਦ ਦਾਸ ਜ਼ਿਲ੍ਹਾ ਹਸਪਤਾਲ ਜਬਲਪੁਰ (ਪਹਿਲਾਂ ਵਿਕਟੋਰੀਆ ਹਸਪਤਾਲ ਵਜੋਂ ਜਾਣਿਆ ਜਾਂਦਾ ਸੀ) ਵਿੱਚ ਕੰਮ ਕਰਨ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਹੁਕਮਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਭਾਜਪਾ ਦੇ ਜਬਲਪੁਰ ਸ਼ਹਿਰ ਦੇ ਮੁਖੀ ਰਤਨੇਸ਼ ਸੋਨਕਰ ਨੇ ਕਿਹਾ ਕਿ ਮਾਮਲੇ ਦੀ ਅਧਿਕਾਰਤ ਪੁਸ਼ਟੀ ਮਿਲਣ ਤੋਂ ਬਾਅਦ ਪਾਰਟੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਵਸਥੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਮੈਂ ਨਿੱਜੀ ਤੌਰ ‘ਤੇ ਮਾਮਲੇ ਦੇ ਪ੍ਰਮਾਣਿਕ ਵੇਰਵੇ ਮੰਗੇ ਹਨ। ਭਾਜਪਾ ਅਜਿਹੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੀ…1001 ਪ੍ਰਤੀਸ਼ਤ ਕਾਰਵਾਈ ਕੀਤੀ ਜਾਵੇਗੀ।’’