ਚੰਡੀਗੜ੍ਹ- ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗਰੋਹ ਦੇ ਦੋ ਅਹਿਮ ਮੈਂਬਰਾਂ- ਜਸ਼ਨ ਸੰਧੂ ਤੇ ਗੁਰਸੇਵਕ ਸਿੰਘ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਸ਼ਨ ਸੰਧੂ, ਜੋ ਗੰਗਾਨਗਰ ਰਾਜਸਥਾਨ ਵਿਚ 2023 ਦੇ ਇਕ ਕਤਲ ਕੇਸ ਲਈ ਲੋੜੀਂਦਾ ਸੀ, ਜੌਰਜੀਆ, ਅਜ਼ਰਬਾਇਜਾਨ ਤੇ ਦੁਬਈ ਵਿਚ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ।
ਦੁਬਈ ਤੋਂ ਨੇਪਾਲ ਪੁੱਜਣ ਮਗਰੋਂ ਉਹ ਕਾਨੂੰਨ ਏਜੰਸੀਆਂ ਤੋਂ ਬਚਣ ਲਈ ਸੜਕ ਰਸਤੇ ਭਾਰਤ ਵਿੱਚ ਦਾਖਲ ਹੋਇਆ। ਮੁੱਢਲੀ ਜਾਂਚ ਮੁਤਾਬਕ ਜਸ਼ਨ ਦੀ ਗਰੋਹ ਨੂੰ ਹਥਿਆਰ ਤੇ ਹੋਰ ਸਾਜ਼ੋ ਸਾਮਾਨ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਸੀ।
ਗੈਂਗਸਟਰ ਤੋਂ ਕੀਤੀ ਪੁੱਛ ਪੜਤਾਲ ਨਾਲ ਵਿਦੇਸ਼ੀ ਹਵਾਲਾ ਅਪਰੇਟਰਾਂ, ਟਰੈਵਲ ਏਜੰਟਾਂ ਅਤੇ ਵਿਦੇਸ਼ ਵਿੱਚ ਲੁਕੇ ਭਗੌੜੇ ਗੈਂਗਸਟਰਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਮਿਲੀ ਹੈ, ਜੋ ਇਨ੍ਹਾਂ ਨੈੱਟਵਰਕਾਂ ਨੂੰ ਖਤਮ ਕਰਨ ਵਿੱਚ ਇੱਕ ਅਹਿਮ ਪੇਸ਼ਕਦਮੀ ਹੈ। ਇਨ੍ਹਾਂ ਦੇ ਕਬਜ਼ੇ ’ਚੋਂ .32 ਕੈਲੀਬਰ ਪਿਸਟਲ ਦੇ ਨਾਲ ਸੱਤ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।