ਨਵੀਂ ਦਿੱਲੀ: ਕਾਮੇਡੀਅਨ ਅਪੂਰਵਾ ਮੁਖੀਜਾ ਨੇ ਆਪਣੇ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਅਪੂਰਵਾ ‘ਇੰਡੀਆਜ ਗਾਟ ਲੈਟੇਂਟ’ ਦੇ ਵਿਵਾਦਪੂਰਨ ਐਪੀਸੋਡ ਵਿੱਚ ਸ਼ਾਮਲ ਕਾਮੇਡੀਅਨਾਂ ਵਿੱਚੋਂ ਇੱਕ ਹੈ। ਸੋਸ਼ਲ ਮੀਡੀਆ ’ਤੇ ‘ਦਿ ਰਿਬੇਲ ਕਿਡ’ ਦੇ ਨਾਮ ਨਾਲ ਮਸ਼ਹੂਰ ਮੁਖੀਜਾ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ। ਉਸ ਨੇ ਇੰਸਟਾਗ੍ਰਾਮ ’ਤੇ ਕਿਸੇ ਨੂੰ ਵੀ ਫਾਲੋ ਕਰਨਾ ਬੰਦ ਕਰ ਦਿੱਤਾ ਹੈ ਪਰ ਅਜੇ ਵੀ ਉਸ ਦੇ ਤੀਹ ਲੱਖ ਤੋਂ ਵੱਧ ਪ੍ਰਸ਼ੰਸਕ ਹਨ। ਫਰਵਰੀ ਵਿੱਚ ਅਪੂਰਵਾ ਨੇ ਆਪਣੇ ਸਾਥੀ ਕਾਮੇਡੀਅਨ ਸਮਯ ਰੈਣਾ ਦੇ ਸ਼ੋਅ ‘ਇੰਡੀਆਜ ਗਾਟ ਲੈਟੇਂਟ’ ਵਿੱਚ ਜੱਜ ਦੀ ਭੂਮਿਕਾ ਨਿਭਾਈ ਸੀ। ਰਣਵੀਰ ਅਲਾਹਾਬਾਦੀਆ ਵੱਲੋਂ ਮਾਪਿਆਂ ਅਤੇ ਸੈਕਸ ਬਾਰੇ ਕੀਤੀ ਅਪਮਾਨਜਨਕ ਟਿੱਪਣੀ ਕਰਨ ਮਗਰੋਂ ਇਹ ਸ਼ੋਅ ਇੱਕ ਵੱਡੇ ਵਿਵਾਦ ਵਿੱਚ ਫਸ ਗਿਆ ਸੀ। ਅਲਾਹਾਬਾਦੀਆ ਦੀ ਟਿੱਪਣੀ ਮਗਰੋਂ ਮੁੰਬਈ ਵਿੱਚ ਉਸ ਅਤੇ ਸ਼ੋਅ ਨਾਲ ਜੁੜੀ ਮੁਖੀਜਾ, ਰੈਣਾ ਅਤੇ ਹੋਰ ਉੱਘੀਆਂ ਸੋਸ਼ਲ ਮੀਡੀਆ ਹਸਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੀਆਂ ਹੋਈਆਂ ਕਈ ਸ਼ਿਕਾਇਤਾਂ ਦਰਜ ਕਰਾਈਆਂ ਗਈਆਂ ਸਨ। ਮੁਖੀਜਾ ’ਤੇ ਯੂਟਿਊਬ ਸ਼ੋਅ ਦੌਰਾਨ ਅਪਮਾਨਜਨਕ ਟਿੱਪਣੀ ਕਰਨ ਦਾ ਵੀ ਦੋਸ਼ ਹੈ। ਉਹ ਇਸ ਸਬੰਧੀ ਮੁੰਬਈ ਪੁਲੀਸ ਸਾਹਮਣੇ ਪੇਸ਼ ਵੀ ਹੋਈ ਸੀ।