ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਗੁਰਦੁਆਰਾ ਮਨੀਕਰਨ ਸਾਹਿਬ ਨੇੜੇ ਅੱਜ ਢਿੱਗਾ ਜ਼ਮੀਨ ਖਿਸਕਣ ਮਗਰੋਂ ਕਈ ਵਾਹਨਾਂ ਤੇ ਵੱਡਾ ਦਰੱਖਤ ਡਿੱਗਣ ਕਾਰਨ 6 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਕਰੀਬ 20 ਰਾਹਗੀਰ ਅਤੇ ਕਈ ਵਾਹਨ ਦਰੱਖਤ ਦੀ ਲਪੇਟ ’ਚ ਆਏ ਸਨ। ਮ੍ਰਿਤਕਾਂ ’ਚ ਰਮੇਸ਼ (ਬੰਗਲੂਰੂ), ਪੱਲਵੀ ਭਾਰਗਵ, ਰੀਨਾ ਤੇ ਵਰਸ਼ਿਨੀ (ਸਾਰੇ ਮਨੀਕਰਨ ਵਾਸੀ), ਸਮੀਰ ਔਰੰਗ (ਨੇਪਾਲ) ਅਤੇ ਇਕ ਅਣਪਛਾਤਾ ਵਿਅਕਤੀ, ਜਿਸ ਦੇ ਪੰਜਾਬ ਤੋਂ ਹੋਣ ਦੀ ਸੰਭਾਵਨਾ ਹੈ, ਸ਼ਾਮਲ ਹਨ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਕੁੱਲੂ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦੀ ਇਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਤਿੰਨ ਮ੍ਰਿਤਕਾਂ ਦੀ ਪਛਾਣ ਹਾਲੇ ਕੀਤੀ ਜਾਣੀ ਹੈ।
ਕੁੱਲੂ ਦੇ ਐੱਸਡੀਐੱਮ ਵਿਕਾਸ ਸ਼ੁਕਲਾ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਮਾਲ ਵਿਭਾਗ, ਪੁਲੀਸ ਅਤੇ ਅੱਗ ਬੁਝਾਊ ਦਸਤੇ ਵੱਲੋਂ ਸੜਕ ਤੋਂ ਮਲਬਾ ਹਟਾਇਆ ਗਿਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਨੇ ਘਟਨਾ ’ਤੇ ਦੁੱਖ ਜਤਾਇਆ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਕੁੱਲੂ ਦੇ ਵਿਧਾਇਕ ਸੁੰਦਰ ਸਿੰਘ ਠਾਕੁਰ ਨੇ ਵੀ ਪੀੜਤਾਂ ਦੇ ਪਰਿਵਾਰਾਂ ਨਾਲ ਅਫ਼ਸੋਸ ਪ੍ਰਗਟਾਇਆ ਹੈ।