April 9, 2025
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਨੇ ਕਾਰਬਨ ਟੈਕਸ ਹਟਾਇਆ

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਨੇ ਕਾਰਬਨ ਟੈਕਸ ਹਟਾਇਆ

ਵੈਨਕੂਵਰ: ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ (Mark Carney, Prime Minister of Canada) ਨੇ ਆਪਣੇ ਸਹੁੰ-ਚੁੱਕ ਸਮਾਗਮ ਤੋਂ ਤੁਰੰਤ ਬਾਅਦ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿੱਚ ਦੇਸ਼ ਦੇ ਲੋਕਾਂ ਦੇ ਸਿਰੋਂ ਕਾਰਬਨ ਟੈਕਸ ਦਾ ਬੋਝ ਲਾਹ ਦਿੱਤਾ ਹੈ। ਆਪਣੀ ਸਰਕਾਰ ਦੇ ਪਹਿਲੇ ਫੈਸਲੇ ਦਾ ਐਲਾਨ ਕਰ ਕੇ ਮੰਤਰੀ ਮੰਡਲ ਵਲੋਂ ਇਸ ਨੂੰ ਤੁਰੰਤ ਲਾਗੂ ਕਰਨ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ ਗਈ।

ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਹੁਣ ਤੱਕ ਕਾਰਬਨ ਟੈਕਸ ਦਾ ਮੁਆਵਜ਼ਾ ਲੈ ਰਹੇ ਸਨ, ਉਨ੍ਹਾਂ ਨੂੰ ਚਾਲੂ ਤਿਮਾਹੀ ਦੇ ਮੁਆਵਜ਼ੇ ਦੀ ਅਦਾਇਗੀ ਅਪਰੈਲ ਮਹੀਨੇ ਕਰ ਦਿੱਤੀ ਜਾਏਗੀ ਤੇ ਅੱਗੋਂ ਮੁਆਵਜ਼ਾ ਬੰਦ ਹੋ ਜਾਏਗਾ।

ਪਾਰਲੀਮੈਂਟ ਦਾ ਸੈਸ਼ਨ ਸੱਦਣ ਜਾਂ ਚੋਣਾਂ ਦੇ ਐਲਾਨ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਫੈਸਲਾ ਕਰੀਬਨ ਹੋ ਚੁੱਕਾ ਹੈ, ਜਿਸ ਨੂੰ ਜਲਦੀ ਜਨਤਕ ਕੀਤਾ ਜਾਏਗਾ। ਉਨ੍ਹਾਂ ਸਮੇਂ ਤੋਂ ਪਹਿਲਾਂ ਚੋਣਾਂ ਦਾ ਸੰਕੇਤ ਦਿੰਦੇ ਹੋਏ ਜਲਦੀ ਚੋਣਾਂ ਕਰਾਉਣ ਬਾਰੇ ਕਹਿ ਦਿੱਤਾ ਕਿ ਉਨ੍ਹਾਂ ਨੂੰ ਠੋਸ ਬਹੁਮਤ ਦੀ ਲੋੜ ਹੈ ਤਾਂ ਜੋ ਲੋਕ ਭਲਾਈ ਦੇ ਕੰਮ ਕਰਨ ਅਤੇ ਟੈਰਿਫ ਝਮੇਲਿਆਂ ’ਚੋਂ ਬਾਹਰ ਨਿਕਲ ਕੇ ਦੇਸ਼ ਨੂੰ ਤਰੱਕੀ ਦੇ ਰਸਤੇ ਪਾਇਆ ਜਾ ਸਕੇ।

ਸਿਆਸੀ ਸੋਚ ਵਾਲੇ ਲੋਕਾਂ ਵਲੋਂ ਇਸ ਸੰਕੇਤ ਨੂੰ ਸਰਕਾਰ ਵਲੋਂ ਲੋਕਾਂ ਦੀ ਪਸੰਦ ਦੇ ਠੋਸ ਫੈਸਲਿਆਂ ਦੇ ਐਲਾਨ ਤੋਂ ਬਾਅਦ ਚੋਣਾਂ ਦਾ ਐਲਾਨ ਸਮਝਿਆ ਜਾਣ ਲੱਗਾ ਹੈ। ਪ੍ਰਧਾਨ ਮੰਤਰੀ ਵਲੋਂ ਅਗਲੇ ਹਫਤੇ ਯੂਰਪ ਦੌਰੇ ਦੀਆਂ ਕਨਸੋਆਂ ਵੀ ਹਨ। ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਯੂਰਪੀਨ ਦੇਸ਼ਾਂ ਦੇ ਆਗੂਆਂ ਨੂੰ ਟਰੰਪ ਦੇ ਟੈਰਿਫ ਐਲਾਨਾਂ ਵਿਰੁੱਧ ਇੱਕਜੁੱਟ ਕਰਨ ਦੇ ਯਤਨ ਕੀਤੇ ਜਾਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਕੋਲ ਨਵੀਂ ਸੋਚ ਵਾਲੇ ਨਵੇਂ ਮੰਤਰੀ ਹਨ, ਜਿਨ੍ਹਾਂ ਕੋਲ ਨਵੇਂ ਵਿਚਾਰ ਵੀ ਹਨ, ਜਿਨ੍ਹਾਂ ’ਚੋਂ ਸਮੱਸਿਆਵਾਂ ਹੱਲ ਕਰਨ ਦੇ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੀ ਟੀਮ ਦਾ ਪੂਰਾ ਧਿਆਨ ਕੰਮਾਂ ਅਤੇ ਕਾਰਵਾਈਆਂ ’ਤੇ ਹੀ ਕੇਂਦਰਤ ਰਹੇਗਾ ਤੇ ਹਰੇਕ ਨਵੇਂ ਵਿਚਾਰ ਨੂੰ ਅਹਿਮੀਅਤ ਦਿੱਤੀ ਜਾਏਗੀ।

Related posts

ਦਲਿਤ ਅਤੇ ਕਮਜ਼ੋਰ ਵਰਗ ਨੂੰ ਹਰ ਸੰਸਥਾ ’ਚ ਲੀਡਰਸ਼ਿਪ ਦਾ ਅਹੁਦਾ ਸੰਭਾਲਦੇ ਦੇਖਣਾ ਚਾਹੁੰਦਾ ਹਾਂ: ਰਾਹੁਲ

Current Updates

ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਲੋਕੁਰ ਯੂਐੱਨ ਇੰਟਰਲ ਜਸਟਿਸ ਕੌਂਸਲ ਦੇ ਚੇਅਰਪਰਸਨ ਨਿਯੁਕਤ

Current Updates

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਸੀਜ਼ਨ ਦਾ ਸ਼ਾਨਦਾਰ ਆਗਾਜ਼

Current Updates

Leave a Comment