ਦੇਹਰਾਦੂਨ- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਮਾਣਾ ਪਿੰਡ ’ਚ ਬੀਆਰਓ ਦੇ ਕੈਂਪ ’ਚ ਬਰਫ਼ ਦੇ ਤੋਦਿਆਂ ਹੇਠ ਦੱਬਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਉਨ੍ਹਾਂ 50 ਮਜ਼ਦੂਰਾਂ ’ਚ ਸ਼ਾਮਲ ਸਨ, ਜਿਨ੍ਹਾਂ ਨੂੰ ਬਚਾਇਆ ਗਿਆ ਸੀ ਪਰ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਹਸਪਤਾਲ ’ਚ ਦਮ ਤੋੜ ਦਿੱਤਾ। ਬਰਫ਼ ਹੇਠਾਂ ਹਾਲੇ ਵੀ ਪੰਜ ਹੋਰ ਮਜ਼ਦੂਰ ਦੱਬੇ ਹੋਏ ਹਨ। ਬਚਾਅ ਕਾਰਜਾਂ ’ਚ ਫੌਜ ਅਤੇ ਆਈਟੀਬੀਪੀ ਦੇ ਜਵਾਨ ਲੱਗੇ ਹੋਏ ਹਨ, ਜਦਕਿ ਛੇ ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ’ਤੇ ਗੱਲਬਾਤ ਕਰਕੇ ਚਮੋਲੀ ਘਟਨਾ ਅਤੇ ਮੀਂਹ ਤੇ ਬਰਫ਼ਬਾਰੀ ਕਾਰਨ ਪੈਦਾ ਹੋਏ ਹਾਲਾਤ ਬਾਰੇ ਜਾਣਕਾਰੀ ਲਈ। ਧਾਮੀ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਸੇ ਵੀ ਹੰਗਾਮੀ ਹਾਲਾਤ ਨਾਲ ਸਿੱਝਣ ਲਈ ਕੇਂਦਰ ਸਰਕਾਰ ਵੱਲੋਂ ਹਰਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਫੌਜ ਮੁਤਾਬਕ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ ਮਾਣਾ ਅਤੇ ਬਦਰੀਨਾਥ ਵਿਚਕਾਰ ਪੈਂਦੇ ਕੈਂਪ ’ਤੇ ਸ਼ੁੱਕਰਵਾਰ ਸਵੇਰੇ ਸਾਢੇ 5 ਅਤੇ 6 ਵਜੇ ਦੇ ਵਿਚਕਾਰ ਬਰਫ਼ ਦੇ ਤੋਦੇ ਡਿੱਗਣ ਕਾਰਨ ਅੱਠ ਕੰਟੇਨਰਾਂ ਅਤੇ ਇਕ ਸ਼ੈੱਡ ਅੰਦਰ 55 ਮਜ਼ਦੂਰ ਦੱਬ ਗਏ ਸਨ।ਇਨ੍ਹਾਂ ’ਚੋਂ 33 ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਬਾਹਰ ਕੱਢ ਲਿਆ ਗਿਆ ਸੀ। ਮੀਂਹ ਅਤੇ ਬਰਫ਼ਬਾਰੀ ਕਾਰਨ ਬਚਾਅ ਕਾਰਜਾਂ ’ਚ ਅੜਿੱਕਾ ਪਿਆ ਜਿਸ ਕਾਰਨ ਰਾਤ ਸਮੇਂ ਕੰਮ ਰੋਕ ਦਿੱਤਾ ਗਿਆ ਸੀ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐੱਨਕੇ ਜੋਸ਼ੀ ਨੇ ਕਿਹਾ ਕਿ ਫੌਜ ਅਤੇ ਆਈਟੀਬੀਪੀ ਦੇ ਜਵਾਨਾਂ ਨੇ ਛੇ ਹੈਲੀਕਾਪਟਰਾਂ ਦੀ ਮਦਦ ਨਾਲ ਅੱਜ ਮੁੜ ਤੋਂ ਬਚਾਅ ਕਾਰਜ ਆਰੰਭੇ। ਫੌਜ ਦੇ ਤਰਜਮਾਨ ਨੇ ਕਿਹਾ ਕਿ ਬਚਾਅ ਕਾਰਜਾਂ ’ਚ ਹਵਾਈ ਸੈਨਾ ਦੇ ਦੋ, ਆਰਮੀ ਏਵੀਏਸ਼ਨ ਦੇ ਤਿੰਨ ਅਤੇ ਇਕ ਸਿਵਲ ਹੈਲੀਕਾਪਟਰ ਜੁਟੇ ਹੋਏ ਹਨ। ਸੂਤਰਾਂ ਨੇ ਕਿਹਾ ਕਿ ਬਚਾਏ ਦੋ ਮਜ਼ਦੂਰਾਂ ਨੂੰ ਏਮਸ-ਰਿਸ਼ੀਕੇਸ਼ ਪਹੁੰਚਾਇਆ ਗਿਆ ਹੈ। ਥਲ ਸੈਨਾ ਦੇ ਤਰਜਮਾਨ ਮੁਤਾਬਕ ਸੈਂਟਰਲ ਕਮਾਂਡ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਅਤੇ ਉੱਤਰ ਭਾਰਤ ਏਰੀਆ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਡੀਜੀ ਮਿਸ਼ਰਾ ਘਟਨਾ ਸਥਾਨ ’ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਲੈਫ਼ਟੀਨੈਂਟ ਜਨਰਲ ਸੇਨਗੁਪਤਾ ਨੇ ਕਿਹਾ ਕਿ ਬਦਰੀਨਾਥ-ਜੋਸ਼ੀਮੱਠ ਹਾਈਵੇਅ 15-20 ਥਾਵਾਂ ਤੋਂ ਬੰਦ ਹੈ ਅਤੇ ਸੜਕ ਰਸਤਿਉਂ ਆਉਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਬੀਆਰਓ ਕੈਂਪ ’ਚ ਅੱਠ ਕੰਟੇਨਰ ਸਨ, ਜਿਨ੍ਹਾਂ ’ਚੋਂ ਪੰਜ ਮਿਲ ਗਏ ਹਨ ਅਤੇ ਤਿੰਨ ਦੀ ਭਾਲ ਜਾਰੀ ਹੈ। ਉਧਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਭਾਵਿਤ ਇਲਾਕੇ ਦਾ ਹਵਾਈ ਸਰਵੇਖਣ ਕੀਤਾ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜ ਤੇਜ਼ੀ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜਯੋਤਿਰਮੱਠ ’ਚ ਜ਼ਖ਼ਮੀ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਪਹਿਲਾਂ ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਨੇ ਕਿਹਾ ਕਿ ਬਚਾਏ ਗਏ ਮਜ਼ਦੂਰਾਂ ’ਚੋਂ 11 ਨੂੰ ਜਯੋਤਿਰਮੱਠ ’ਚ ਆਰਮੀ ਹਸਪਤਾਲ ’ਚ ਲਿਆਂਦਾ ਗਿਆ। ਇਨ੍ਹਾਂ ’ਚੋਂ ਇਕ ਦੀ ਹਾਲਤ ਨਾਜ਼ੁਕ ਹੈ।