ਪਟਿਆਲਾ-ਮਹਿੰਦਰਾ ਕਲੋਨੀ ਵਿੱਚ ਰਾਸ਼ਨ ਡਿੱਪੂ ਧਾਰਕਾਂ ਵੱਲੋਂ ਬੇਨਿਯਮੀਆਂ ਕਰਨ ਬਾਰੇ ਮਿਲੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਡੀਐੱਫਐੱਸਸੀ ਪਟਿਆਲਾ ਦੇ ਦਫ਼ਤਰ ਵੱਲੋਂ ਭੇਜੀ ਟੀਮ ਨੇ ਸਬੰਧਤ ਰਾਸ਼ਨ ਡਿੱਪੂਆਂ ’ਤੇ ਛਾਪਾ ਮਾਰ ਕੇ ਨਿਰੀਖਣ ਕੀਤਾ। ਇਸ ਦੌਰਾਨ ਸਾਹਮਣੇ ਆਇਆ ਕਿ ਨਿਯਮਾਂ ਦੇ ਉਲਟ ਦੋਵਾਂ ਡਿੱਪੂ ਧਾਰਕਾਂ ਨੇ ਲਾਭਪਾਤਰੀਆਂ ਨੂੰ ਪਹਿਲਾਂ ਤੋਂ ਪਰਚੀਆਂ ਜਾਰੀ ਕੀਤੀਆਂ ਹੋਈਆਂ ਸਨ ਪਰ ਅਜੇ ਤੱਕ ਕਣਕ ਨਹੀਂ ਸੀ ਵੰਡੀ ਗਈ। ਡੀਐੱਫਐੱਸਸੀ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਡਿੱਪੂਆਂ ਦੀ ਸਪਲਾਈ ਮੁਅੱਤਲ ਕਰ ਦਿੱਤੀ ਤੇ ਨਿਰਵਿਘਨ ਵੰਡ ਨੂੰ ਯਕੀਨੀ ਬਣਾਉਣ ਲਈ, ਲਾਭਪਾਤਰੀਆਂ ਨੂੰ ਸਿੱਧੇ ਕਣਕ ਵੰਡਣ ਵਾਸਤੇ ਵਿਭਾਗ ਦੇ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਹੈ।ਇਸ ਟੀਮ ਵਿੱਚ ਡੀਐੱਫਐੱਸਸੀ ਡਾ. ਰੂਪਪ੍ਰੀਤ ਕੌਰ, ਏਐੱਫਐੱਸਸੀ ਪਟਿਆਲਾ ਮਨੀਸ਼ ਗਰਗ ਅਤੇ ਇੰਸਪੈਕਟਰ ਅਮਰਿੰਦਰ ਸਿੰਘ, ਸੁਮਿਤ ਸ਼ਰਮਾ ਅਤੇ ਇੰਦਰਜੋਤ ਸਿੰਘ, ਮਨੂ ਸ਼ਰਮਾ ਅਤੇ ਲਲਿਤ ਕੁਮਾਰ ਆਦਿ ਸ਼ਾਮਲ ਰਹੇ। ਡੀਐੱਫਐੱਸਸੀ ਡਾ. ਰੂਪਪ੍ਰੀਤ ਕੌਰ ਨੇ ਕਿਹਾ ਕਿ ਰਾਸ਼ਨ ਵੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਵੰਡ ਨੂੰ ਯਕੀਨੀ ਬਣਾਉਣ ਲਈ ਵੰਡ ਚੱਕਰ ਦੌਰਾਨ ਅਚਾਨਕ ਚੈਕਿੰਗ ਜਾਰੀ ਰਹੇਗੀ। ਡੀਐੱਫਐੱਸਸੀ ਨੇ ਸਾਰੇ ਡਿੱਪੂ ਧਾਰਕਾਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਬਣਾਈ ਰੱਖਣ ਲਈ ਨਿਯਮਿਤ ਤੌਰ ’ਤੇ ਚੈਕਿੰਗ ਕੀਤੀ ਜਾਵੇਗੀ।
previous post