ਭੁਬਨੇਸ਼ਵਰ-ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਉੱਚੀ ਰੈਂਕਿੰਗ ਵਾਲੀ ਇੰਗਲੈਂਡ ਟੀਮ ਖ਼ਿਲਾਫ਼ 3-2 ਨਾਲ ਜਿੱਤ ਨਾਲ ਕੀਤਾ। ਭਾਰਤ ਨੇ ਦੋ ਗੋਲ ਪੈਨਲਟੀ ਕਾਰਨਰ ’ਤੇ ਕੀਤੇ, ਜਿਨ੍ਹਾਂ ’ਚੋਂ ਵੈਸ਼ਨਵੀ ਫਾਲਕੇ ਨੇ 6ਵੇਂ ਮਿੰਟ ਅਤੇ ਦੀਪਿਕਾ ਨੇ 25ਵੇਂ ਮਿੰਟ ’ਤੇ ਗੋਲ ਕੀਤਾ। ਇਸੇ ਤਰ੍ਹਾਂ ਨਵਨੀਤ ਕੌਰ ਨੇ ਆਖਰੀ ਸੀਟੀ ਵੱਜਣ ਤੋਂ ਮਹਿਜ਼ ਇੱਕ ਮਿੰਟ ਪਹਿਲਾਂ ਜੇਤੂ ਗੋਲ ਦਾਗਿਆ। ਇੰਗਲੈਂਡ ਲਈ ਡਾਰਸੀ ਬੂਰਨੇ ਨੇ 12ਵੇਂ ਅਤੇ ਫਿਓਨਾ ਕ੍ਰੈਕਲਸ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ। ਤੀਜੇ ਕੁਆਰਟਰ ਵਿੱਚ ਜ਼ਿਆਦਾਤਰ ਖੇਡ ਮਿਡਫੀਲਡ ਵਿੱਚ ਹੀ ਹੁੰਦੀ ਰਹੀ। ਆਖਰੀ 15 ਮਿੰਟਾਂ ਵਿੱਚ 2022 ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਇੰਗਲੈਂਡ ਨੇ ਸ਼ਾਨਦਾਰ ਖੇਡ ਦਿਖਾਈ ਪਰ ਉਹ ਮੈਚ ਨਹੀਂ ਜਿੱਤ ਸਕੀ। -ਪੀਟੀਆਈ
ਭਾਰਤੀ ਪੁਰਸ਼ ਟੀਮ ਨੂੰ ਸਪੇਨ ਹੱਥੋਂ 3-1 ਨਾਲ ਮਿਲੀ ਹਾਰ- ਪੈਰਿਸ ਓਲੰਪਿਕ ਵਿੱਚ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ’ਚ ਭਾਰਤ ਤੋਂ ਮਿਲੀ ਹਾਰ ਦਾ ਬਦਲਾ ਲੈਂਦਿਆਂ ਸਪੇਨ ਨੇ ਅੱਜ ਇੱਥੇ ਐੱਫਆਈਐੱਚ ਪੁਰਸ਼ ਪ੍ਰੋ ਲੀਗ ਮੈਚ ’ਚ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਹਾਕੀ ਟੀਮ ਨੂੰ 3-1 ਨਾਲ ਹਰਾ ਦਿੱਤਾ। ਭਾਰਤ ਲਈ ਸਿਰਫ ਸੁਖਜੀਤ ਸਿੰਘ ਹੀ 25ਵੇਂ ਮਿੰਟ ਵਿੱਚ ਗੋਲ ਕਰ ਸਕਿਆ। ਉਧਰ ਸਪੇਨ ਲਈ ਬੋਰਜਾ ਲਾਕਾਲੇ (28ਵੇਂ ਮਿੰਟ), ਇਗਨਾਸੀਓ ਕੋਬੋਸ (38ਵੇਂ ਮਿੰਟ) ਅਤੇ ਬਰੂਨੋ ਅਵੀਲਾ (56ਵੇਂ ਮਿੰਟ) ਨੇ ਗੋਲ ਕੀਤੇ।