ਮੁੰਬਈ-ਮੁੰਬਈ ਪੁਲੀਸ ਨੇ ਯੂਟਿਊਬ ਦੇ ਸ਼ੋਅ ‘India’s Got Latent’ ਵਿਚ ਰਣਵੀਰ ਅਲਾਹਾਬਾਦੀਆ ਵੱਲੋਂ ਕੀਤੀ ਵਿਵਾਦਿਤ ਟਿੱਪਣੀਆਂ ਮਾਮਲੇ ਵਿਚ ਹੁਣ ਤੱਕ ਸੋਸ਼ਲ ਮੀਡੀਆ ਇਨਫਲੂਐਂਸਰ ਅਪੂਰਵਾ ਮਖੀਜਾ ਸਣੇ ਸੱਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਅਲਾਹਾਬਾਦੀਆ ਇਕ ਦੋ ਦਿਨਾਂ ਵਿਚ ਸਿਟੀ ਪੁਲੀਸ ਅੱਗੇ ਪੇਸ਼ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਅਸਾਮ ਪੁਲੀਸ ਦੀ ਇਕ ਟੀਮ ਇਸ ਵਿਵਾਦ ਨਾਲ ਜੁੜੇ ਕੇਸ ਦੀ ਜਾਂਚ ਲਈ ਮੁੰਬਈ ਵਿਚ ਹੈ। ਟੀਮ ਨੇ ਬੁੱਧਵਾਰ ਨੂੰ ਖਾਰ ਪੁਲੀਸ ਥਾਣੇ ਜਾ ਕੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਗੁਹਾਟੀ ਪੁਲੀਸ ਨੇ ਸੋਮਵਾਰ ਨੂੰ ਅਲਾਹਾਬਾਦੀਆ ਤੇ ਚਾਰ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਸੀ।ਮਹਾਰਾਸ਼ਟਰ ਸਾਈਬਰ ਵਿਭਾਗ ਨੇ ਅਲਾਹਾਬਾਦੀਆ ਅਤੇ ‘India’s Got Latent’ ਦੀ ਮੇਜ਼ਬਾਨੀ ਕਰਦੇ ਕਾਮੇਡੀਅਨ Samay Raina ਸਮੇਤ 40 ਤੋਂ ਵੱਧ ਵਿਅਕਤੀਆਂ ਨੂੰ ਸੰਮਨ ਕੀਤਾ ਹੈ। ਵਿਭਾਗ ਨੇ ਇਨ੍ਹਾਂ ਸਾਰਿਆਂ ਨੂੰ ਯੂਟਿਊਬ ਦੇ ਰਿਐਲਿਟੀ ਸ਼ੋਅ ਵਿਚ ਅਲਾਹਾਬਾਦੀਆ ਦੀਆਂ ਵਿਵਾਦਿਤ ਟਿੱਪਣੀਆਂ ਖਿਲਾਫ਼ ਦਰਜ ਕੇਸ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ।