December 28, 2025
ਖਾਸ ਖ਼ਬਰਰਾਸ਼ਟਰੀ

ਮਹਾਂਕੁੰਭ: ਬਸੰਤ ਪੰਚਮੀ ’ਤੇ ਬਿਨਾਂ ਵਿਘਨ ਦੇ ਤੀਜਾ ‘ਅੰਮ੍ਰਿਤ ਇਸ਼ਨਾਨ’

ਮਹਾਂਕੁੰਭ: ਬਸੰਤ ਪੰਚਮੀ ’ਤੇ ਬਿਨਾਂ ਵਿਘਨ ਦੇ ਤੀਜਾ ‘ਅੰਮ੍ਰਿਤ ਇਸ਼ਨਾਨ’

ਮਹਾਂਕੁੰਭ ਨਗਰ-ਦੇਸ਼-ਵਿਦੇਸ਼ ਦੇ ਕਰੋੜਾਂ ਲੋਕਾਂ ਨੇ ਬਸੰਤ ਪੰਚਮੀ ਮੌਕੇ ਅੱਜ ਮਹਾਂਕੁੰਭ ’ਚ ਤੀਜੇ ਵੱਡੇ ‘ਅੰਮ੍ਰਿਤ ਇਸ਼ਨਾਨ’ ਦੌਰਾਨ ਪਵਿੱਤਰ ਗੰਗਾ ’ਚ ਡੁਬਕੀ ਲਗਾਈ। ਯੂਪੀ ਸਰਕਾਰ ਅਤੇ ਪ੍ਰਸ਼ਾਸਨ ਨੇ ਐਤਕੀਂ ਪੁਖ਼ਤਾ ਪ੍ਰਬੰਧ ਕੀਤੇ ਸਨ ਤਾਂ ਜੋ ਲੋਕਾਂ ਨੂੰ ਇਸ਼ਨਾਨ ਕਰਨ ’ਚ ਕੋਈ ਦਿੱਕਤ ਨਾ ਆਵੇ। ਮੌਨੀ ਮੱਸਿਆ ਮੌਕੇ 29 ਜਨਵਰੀ ਨੂੰ ‘ਅੰਮ੍ਰਿਤ ਇਸ਼ਨਾਨ’ ਮੌਕੇ ਭਗਦੜ ਫੈਲਣ ਕਾਰਨ 30 ਵਿਅਕਤੀ ਮਾਰੇ ਗਏ ਸਨ ਅਤੇ 60 ਹੋਰ ਜ਼ਖ਼ਮੀ ਹੋ ਗਏ ਸਨ। ਬਸੰਤ ਪੰਚਮੀ ਮੌਕੇ ਬਹੁਤੇ ਸ਼ਰਧਾਲੂਆਂ ਨੇ ਵੱਖ ਵੱਖ ਘਾਟਾਂ ’ਤੇ ਗੰਗਾ ’ਚ ਡੁਬਕੀ ਲਗਾਉਣ ਨੂੰ ਤਰਜੀਹ ਦਿੱਤੀ ਕਿਉਂਕਿ ਭਗਦੜ ਦੀ ਘਟਨਾ ਤੋਂ ਝੰਬੀ ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਖਾਮੀ ਰਹਿਤ ਪਹੁੰਚ ਅਪਣਾਈ। ਡੁਬਕੀ ਲਗਾਉਣ ਵਾਲੇ ਸਾਧੂਆਂ ਅਤੇ ਸ਼ਰਧਾਲੂਆਂ ’ਤੇ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਅੱਜ ਦਾ ਆਖਰੀ ਅੰਮ੍ਰਿਤ ਇਸ਼ਨਾਨ ਹੈ ਜਦਕਿ ਦੋ ਹੋਰ ਵਿਸ਼ੇਸ਼ ਇਸ਼ਨਾਨ 12 ਫਰਵਰੀ ਨੂੰ ਮਾਘ ਦੀ ਪੁੰਨਿਆ ਅਤੇ 26 ਫਰਵਰੀ ਨੂੰ ਮਹਾਸ਼ਿਵਰਾਤਰੀ ਮੌਕੇ ਕੀਤੇ ਜਾਣਗੇ।ਅਧਿਕਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੰਗਮ ਇਲਾਕੇ ’ਚ ਸੁਰੱਖਿਆ ਅਤੇ ਭੀੜ ਪ੍ਰਬੰਧਨ ਦੇ ਕਈ ਉਪਰਾਲੇ ਕੀਤੇ ਸਨ ਤਾਂ ਜੋ ਕਿਸੇ ਵੀ ਮੰਦਭਾਗੀ ਘਟਨਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੜਕੇ ਸਾਢੇ ਤਿੰਨ ਵਜੇ ਤੋਂ ਹੀ ਆਪਣੀ ਸਰਕਾਰੀ ਰਿਹਾਇਸ਼ ਤੋਂ ਹਾਲਾਤ ’ਤੇ ਨਜ਼ਰ ਰੱਖ ਰਹੇ ਸਨ। ਡੀਆਈਜੀ (ਮਹਾਂਕੁੰਭ) ਵੈਭਵ ਕ੍ਰਿਸ਼ਨਾ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ ਕਿ ਭਾਰੀ ਭੀੜ ਵਾਲੇ ਇਲਾਕਿਆਂ ’ਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਮੇਲੇ ਦੇ ਇਲਾਕੇ ’ਚ ਵੱਡੇ ਤੜਕੇ ਤੋਂ ਹੀ ਗਸ਼ਤ ਸ਼ੁਰੂ ਕਰ ਦਿੱਤੀ ਸੀ। ਪਹੁ ਫੁਟਾਲੇ ’ਤੇ ਨਾਗਾ ਸਾਧੂਆਂ ਸਮੇਤ ਵੱਖ ਵੱਖ ਅਖਾੜਿਆਂ ਦੇ ਸਾਧ-ਸੰਤਾਂ ਨੇ ਤ੍ਰਿਵੇਣੀ ਸੰਗਮ ਵੱਲ ਚਾਲੇ ਪਾਏ ਅਤੇ ਸਵੇਰੇ 10 ਵਜੇ ਤੱਕ ਕਈ ਅਖਾੜਿਆਂ ਨੇ ਇਸ਼ਨਾਨ ਮੁਕੰਮਲ ਕਰ ਲਿਆ ਸੀ।

ਸੰਤਾਂ ਵੱਲੋਂ ਸਨਾਤਨ ਧਰਮ ਦੀ ਸਿਆਸੀ ਦੁਰਵਰਤੋਂ ਖ਼ਿਲਾਫ਼ ਚਿਤਾਵਨੀ- ਬਸੰਤ ਪੰਚਮੀ ਮੌਕੇ ਤ੍ਰਿਵੇਣੀ ਸੰਗਮ ’ਤੇ ਜੁੜੇ ਸਾਧੂ ਅਤੇ ਸੰਤਾਂ ਨੇ ਸਿਆਸੀ ਆਗੂਆਂ ਨੂੰ ਸਨਾਤਨ ਧਰਮ ਦੀ ਦੁਰਵਰਤੋਂ ਖ਼ਿਲਾਫ਼ ਸਿਆਸੀ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਮਹਾਂਕੁੰਭ ’ਚ ਪ੍ਰਬੰਧਾਂ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕਰਦਿਆਂ ਆਗੂਆਂ ਨੂੰ ਸਿਆਸੀ ਲਾਹੇ ਲਈ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਉਨ੍ਹਾਂ ਭਗਦੜ ਮਗਰੋਂ ਮਹਾਂਕੁੰਭ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਘੇਰੇ ’ਚ ਲਿਆ। ਪੰਚ ਨਿਰਵਾਣੀ ਅਨੀ ਅਖਾੜੇ ਦੇ ਮਹੰਤ ਸੰਤੋਸ਼ ਦਾਸ ਸਤੂਆ ਬਾਬਾ ਮਹਾਰਾਜ ਨੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੂੰ ਕਿਹਾ ਕਿ ਉਨ੍ਹਾਂ ਕਦੇ ਵੀ ਸਨਾਤਨ ਧਰਮ ਦਾ ਸਤਿਕਾਰ ਨਹੀਂ ਕੀਤਾ ਹੈ ਅਤੇ ਹੁਣ ਉਹ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰਨ। ਚਿਨਮਯਾਨੰਦ ਬਾਪੂ ਨੇ ਅੱਜ ਦੇ ‘ਅੰਮ੍ਰਿਤ ਇਸ਼ਨਾਨ’ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ‘ਅੰਮ੍ਰਿਤ ਇਸ਼ਨਾਨ’ ਤੋਂ ਪਹਿਲਾਂ ਜੂਨਾ ਅਖਾੜੇ ਦੇ ਪੀਠਾਧੀਸ਼ਵਰ ਅਚਾਰਿਆ ਮਹਾਮੰਡਲੇਸ਼ਵਰ ਅਵਧੇਸ਼ਾਨੰਦ ਗਿਰੀ ਮਹਾਰਾਜ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ ਕਿ ਪੂਰੀ ਦੁਨੀਆ ਭਾਰਤ ਦੀ ਸਮਾਜਿਕ ਸਦਭਾਵਨਾ ਅਤੇ ਅਧਿਆਤਮਕ ਕਦਰਾਂ-ਕੀਮਤਾਂ ਵੱਲ ਦੇਖ ਰਹੀ ਹੈ ਅਤੇ ਮਹਾਂਕੁੰਭ ’ਚ ਏਕਤਾ ਦਿਖਾਈ ਦਿੱਤੀ ਹੈ।

Related posts

‘ਮਸਜਿਦ ਦੇ ਅੰਦਰ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣਾ ਅਪਰਾਧ ਕਿਵੇਂ,’ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਪੁੱਛਿਆ ਸਵਾਲ

Current Updates

ਚੰਦਰਯਾਨ-3,ਸ਼ੁਭਾਂਸ਼ੂ ਸ਼ੁਕਲਾ ਅਤੇ ਪੁਲਾੜ ਖੇਤਰ ਵਿੱਚ ਵਧਦੇ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ

Current Updates

ਤਿੰਨ ਪਵਿੱਤਰ ਸ਼ਹਿਰਾਂ ਵਿੱਚ ਮੀਟ, ਸ਼ਰਾਬ ਅਤੇ ਤੰਬਾਕੂ ’ਤੇ ਪਾਬੰਦੀ ਹੁਣ ਲਾਗੂ

Current Updates

Leave a Comment