ਪੰਜਾਬ: ਪੰਜਾਬ ਸਰਕਾਰ ਨੇ ਮਾਲ ਦਫ਼ਤਰਾਂ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੀ ਸਹੂਲਤ ਲਈ ਵੱਡਾ ਫੈਸਲਾ ਲੈਂਦਿਆਂ ਸਬ ਰਜਿਸਟਰਾਰ/ਜਾਇੰਟ ਸਬ ਰਜਿਸਟਰਾਰ ਦਫ਼ਤਰਾਂ ਵਿਚ ਸੀਸੀਟੀਵੀ ਕੈਮਰੇ ਲਾਏ ਹਨ।
ਇਕ ਜਾਣਕਾਰੀ ਮੁਤਾਬਕ ਪੰਜਾਬ ਭਰ ਵਿੱਚ ਇਨ੍ਹਾਂ ਦਫ਼ਤਰਾਂ ਵਿਚ 180 ਕੈਮਰੇ ਲਾਏ ਗਏ ਹਨ। ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਹਰੇਕ ਕੈਮਰੇ ਨੂੰ ਕਾਰਜਸ਼ੀਲ ਬਣਾਉਣ ਨੂੰ ਆਖਿਆ ਗਿਆ ਹੈ।
ਵਧੀਕ ਮੁੱਖ ਸਕੱਤਰ ਮਾਲ ਅਨੁਰਾਗ ਵਰਮਾ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਰਾਹੀਂ ਕੈਮਰਿਆਂ ਦੀ ਚਾਲੂ ਸਥਿਤੀ ਬਾਰੇ 31 ਜਨਵਰੀ ਤੱਕ ਰਿਪੋਰਟ ਦੇਣ ਲਈ ਆਖਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੈੱਡਕੁਆਰਟਰ ਉਤੇ ਸੀਨੀਅਰ ਅਧਿਕਾਰੀ ਵੀ ਸੀਸੀਟੀਵੀ ਕੈਮਰਿਆਂ ਦੀ ਖੁਦ ਨਿਗਰਾਨੀ ਕਰਨਗੇ।
ਪੱਤਰ ਰਾਹੀਂ ਡਿਪਟੀ ਕਮਿਸ਼ਨਰਾਂ ਨੂੰ CCTV ਕੈਮਰੇ ਦੀ ਲਾਈਵ ਫ਼ੁਟੇਜ ਰਾਹੀਂ ਅਚਨਚੇਤ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਜਦੋਂ ਚਾਹੁਣ ਇਨ੍ਹਾਂ ਕੈਮਰਿਆਂ ਰਾਹੀਂ ਮਾਲ ਦਫ਼ਤਰਾਂ ਦੀ ਜਾਂਚ ਤੇ ਚੈਕਿੰਗ ਕਰ ਸਕਣਗੇ।