ਪਟਿਆਲਾ- ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇੱਕ ਈਮੇਲ ਜ਼ਰੀਏ ਭੇਜੀ ਗਈ ਹੈ। ਧਮਕੀ ਮਿਲਣ ਉਪਰੰਤ ਉਕਤ ਸਕੂਲਾਂ ਅਤੇ ਹੋਰ ਥਾਵਾਂ ਤੇ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਕਰਨ ਸਮੇਤ ਤਲਾਸ਼ੀ ਸ਼ੁਰੂ ਕੀਤੀ ਗਈ ਹੈ। ਜਿਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਸਕਾਲਰ ਫੀਲਡ ਸਕੂਲ ਸਰਹਿੰਦ ਰੋਡ ਪਟਿਆਲਾ, ਡੀਏਵੀ ਸਕੂਲ ਪਟਿਆਲਾ,ਸੀ ਕਰੀਅਰ ਅਕੈਡਮੀ ਭਾਦਸੋਂ ਰੋਡ ਪਟਿਆਲਾ, ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਡਕਾਲਾ ਰੋਡ ਪਟਿਆਲਾ, ਸਰਕਾਰੀ ਬਿਕਰਮ ਕਾਲਜ ਪਟਿਆਲਾ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਅਰਬਨ ਅਸਟੇਟ ਪਟਿਆਲਾ ਦੇ ਨਾਮ ਸ਼ਾਮਿਲ ਹਨ।
ਇਸ ਤੋਂ ਇਲਾਵਾ ਪਟਿਆਲਾ ਰੇਲਵੇ ਸਟੇਸ਼ਨ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਈਮੇਲ tasiaeckersonj761@hotmail.com ਤੋਂ ਆਈ ਹੈ, ਜਿਸ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਬੰਬ ਦੁਪਹਿਰ 1.11 ਵਜੇ ਤੋਂ ਰਾਤ 9.11 ਵਜੇ ਦੇ ਵਿਚਕਾਰ ਫਟਣਗੇ। ਇਸ ਦੌਰਾਨ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨੇ ਤੇ ਲੈਣ ਦੀ ਗੱਲ ਆਖੀ ਗਈ ਹੈ। ਉਕਤ ਸਦੇਸ਼ ਵਿੱਚ ਕਿਹਾ ਗਿਆ ਹੈ ਕਿ ਭਗਵੰਤ ਮਾਨ ਦਾ ਬੇਅੰਤ ਸਿੰਘ ਵਾਲਾ ਹਾਲ ਕੀਤਾ ਜਾਵੇਗਾ।
