April 9, 2025
ਅੰਤਰਰਾਸ਼ਟਰੀਖਾਸ ਖ਼ਬਰ

ਟਰੰਪ ਨੇ ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ਼ ਕੀਤਾ

ਟਰੰਪ ਨੇ ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ਼ ਕੀਤਾ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 6 ਜਨਵਰੀ 2021 ਨੂੰ ਕੈਪੀਟਲ ਹਿੱਲ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਸਾਰੇ 1500 ਲੋਕਾਂ ਨੂੰ ਉਨ੍ਹਾਂ ਦੇ ਅਪਰਾਧ ਲਈ ਮੁਆਫ਼ੀ ਦੇ ਦਿੱਤੀ ਹੈ। ਇਨ੍ਹਾਂ ’ਚ ਉਹ ਲੋਕ ਵੀ ਸ਼ਾਮਲ ਹਨ ਜੋ ਪੁਲੀਸ ’ਤੇ ਹਮਲਾ ਕਰਨ ਦੇ ਦੋਸ਼ੀ ਹਨ। ਟਰੰਪ ਨੇ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਆਪਣੀਆਂ ਮੁਆਫ ਕਰਨ ਦੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਅਤੇ ਅਮਰੀਕੀ ਨਿਆਂ ਵਿਭਾਗ ਦੇ ਇਤਿਹਾਸ ’ਚ ਕਿਸੇ ਮਾਮਲੇ ਨਾਲ ਜੁੜੀ ਸਭ ਤੋਂ ਵੱਡੀ ਜਾਂਚ ਤੇ ਕੇਸ ਖਤਮ ਕਰ ਦਿੱਤਾ ਹੈ। ਟਰੰਪ ਨੇ ਅਟਾਰਨੀ ਜਨਰਲ ਨੂੰ ਛੇ ਜਨਵਰੀ ਦੇ ਦੋਸ਼ੀਆਂ ਖ਼ਿਲਾਫ਼ ਦਾਇਰ ਤਕਰੀਬਨ 450 ਕੇਸ ਬੰਦ ਕਰਨ ਦਾ ਵੀ ਹੁਕਮ ਦਿੱਤਾ ਹੈ। ਉਨ੍ਹਾਂ ‘ਵ੍ਹਾਈਟ ਹਾਊਸ’ ’ਚ ਵਾਪਸੀ ਤੋਂ ਪਹਿਲਾਂ ਕਿਹਾ ਸੀ ਕਿ ਉਹ ਛੇ ਜਨਵਰੀ ਦੇ ਦੋਸ਼ੀਆਂ ਦੇ ਹਰ ਮਾਮਲੇ ’ਤੇ ਗੌਰ ਕਰਨਗੇ।

ਡੋਨਲਡ ਟਰੰਪ ਨੇ ਬਰਿਕਸ ਮੁਲਕਾਂ, ਜਿਸ ਦਾ ਭਾਰਤ ਵੀ ਹਿੱਸਾ ਹੈ, ਨੂੰ ਮੁੜ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਡਾਲਰ ਨੂੰ ਬਦਲਣ ਲਈ ਕੋਈ ਕਦਮ ਚੁੱਕਿਆ ਤਾਂ ਉਹ ਉਨ੍ਹਾਂ ’ਤੇ ਸੌ ਫੀਸਦ ਟੈਕਸ ਲਾਉਣਗੇ। ਉਨ੍ਹਾਂ ਨੇ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ’ਤੇ 25 ਫੀਸਦ ਟੈਕਸ ਲਾਉਣ ਦਾ ਐਲਾਨ ਵੀ ਕੀਤਾ। ਬੀਤੇ ਦਿਨ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਟਰੰਪ ਨੇ ਕਿਹਾ, ‘ਜੇ ਬਰਿਕਸ ਮੁਲਕ ਇਹ ਕਰਨਾ ਚਾਹੁੰਦੇ ਹਨ (ਡਾਲਰ ਨੂੰ ਤਬਦੀਲ) ਤਾਂ ਕੋਈ ਗੱਲ ਨਹੀਂ ਪਰ ਅਸੀਂ ਅਮਰੀਕਾ ਨਾਲ ਉਨ੍ਹਾਂ ਦੇ ਵਪਾਰ ’ਤੇ ਘੱਟ ਤੋਂ ਘੱਟ ਸੌ ਫੀਸਦ ਟੈਰਿਫ ਲਾਉਣ ਜਾ ਰਹੇ ਹਾਂ।’ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਆਲਮੀ ਕਾਰੋਬਾਰ ਲਈ ਡਾਲਰ ਦੀ ਵਰਤੋਂ ਘਟਾਉਣ ਬਾਰੇ ਸੋਚਿਆ ਵੀ ਤਾਂ ਉਨ੍ਹਾ ’ਤੇ ਸੌ ਫੀਸਦ ਟੈਕਸ ਲਗਾ ਦਿੱਤਾ ਜਾਵੇਗਾ। ਬਰਿਕਸ ਦਸ ਮੁਲਕਾਂ ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ ਤੇ ਯੂਏਈ ਦਾ ਇੱਕ ਅੰਤਰ-ਸਰਕਾਰੀ ਸੰਗਠਨ ਹੈ। ਟਰੰਪ ਨੇ ਦਸੰਬਰ ’ਚ ਵੀ ਅਜਿਹੇ ਕਦਮ ਖ਼ਿਲਾਫ਼ ਚਿਤਾਵਨੀ ਦਿੱਤੀ ਸੀ।

ਇਸੇ ਦੌਰਾਨ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ 1 ਫਰਵਰੀ ਤੋਂ ਮੈਕਸੀਕੋ ਤੇ ਕੈਨੇਡਾ ਤੋਂ ਦਰਾਮਦ ’ਤੇ 25 ਫੀਸਦ ਟੈਕਸ ਲਾਉਣ ਦੀ ਯੋਜਨਾ ਬਣਾ ਰਿਹਾ ਹੈ। ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਦੇ ਸਮੇਂ ਦੋ ਮੁਲਕਾਂ ’ਤੇ ਟੈਕਸ ਲਾਉਣ ਸਬੰਧੀ ਪੁੱਛੇ ਜਾਣ ’ਤੇ ਟਰੰਪ ਨੇ ਜਵਾਬ ਦਿੱਤਾ, ‘ਅਸੀਂ ਮੈਕਸੀਕੋ ਤੇ ਕੈਨੇਡਾ ’ਤੇ 25 ਫੀਸਦ ਟੈਕਸ ਲਾਉਣ ਬਾਰੇ ਸੋਚ ਰਹੇ ਹਾਂ ਕਿਉਂਕਿ ਉਹ ਵੱਡੀ ਗਿਣਤੀ ’ਚ ਲੋਕਾਂ ਨੂੰ ਆਉਣ ਦੀ ਇਜਾਜ਼ਤ ਦੇ ਰਹੇ ਹਨ।’ ਉਨ੍ਹਾਂ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਦੌਰਾਨ ਵੀ ਕੈਨੇਡਾ ਤੇ ਮੈਕਸੀਕੋ ਨੂੰ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਸੀ। ਟਰੰਪ ਨੇ ਚੀਨ ਨੂੰ ਵੀ ਦਰਾਮਦ ’ਤੇ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਹੈ।

Related posts

ਸੜਕ ਹਾਦਸਾ: ਨਾਨਕਸਰ ਠਾਠ ਮੁਖੀ ਦੀ ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਸਕੂਟਰ ਨੂੰ ਟੱਕਰ, ਮਹਿਲਾ ਦੀ ਮੌਤ

Current Updates

ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ

Current Updates

ਮਹਿਲਾ ਟੀ-20 ਏਸ਼ੀਆ ਕੱਪ: ਭਾਰਤੀ ਅੰਡਰ-19 ਟੀਮ ਫਾਈਨਲ ’ਚ

Current Updates

Leave a Comment