May 13, 2026
ਖਾਸ ਖ਼ਬਰਰਾਸ਼ਟਰੀ

‘ਕੁਆਡ’ ਵੱਲੋਂ ਚੀਨ ਦੀਆਂ ਡਰਾਉਣ ਧਮਕਾਉਣ ਵਾਲੀਆਂ ਜੁਗਤਾਂ ਦਾ ਵਿਰੋਧ

‘ਕੁਆਡ’ ਵੱਲੋਂ ਚੀਨ ਦੀਆਂ ਡਰਾਉਣ ਧਮਕਾਉਣ ਵਾਲੀਆਂ ਜੁਗਤਾਂ ਦਾ ਵਿਰੋਧ

ਨਵੀਂ ਦਿੱਲੀ-ਦੱਖਣੀ ਚੀਨ ਸਾਗਰ ਵਿਚ ਚੀਨ ਦੀਆਂ ਵਧਦੀਆਂ ਸਰਗਰਮੀਆਂ ਤੇ ਹਮਲਾਵਰ ਰੁਖ਼ ਦਰਮਿਆਨ ‘ਕੁਆਡ’ ਮੁਲਕਾਂ ਦੇੇ ਵਿਦੇਸ਼ ਮੰਤਰੀਆਂ ਨੇ ਸਾਫ਼ ਕਰ ਦਿੱਤਾ ਕਿ ਉਹ ਖਿੱਤੇ ਦੀ ਮੌਜੂਦਾ ਸਥਿਤੀ ਵਿਚ ਬਦਲਾਅ ਦੀ ਕਿਸੇ ਵੀ ਇਕਤਰਫ਼ਾ ਕੋਸ਼ਿਸ਼ ਦਾ ‘ਜ਼ੋਰਦਾਰ ਢੰਗ ਨਾਲ ਵਿਰੋਧ’ ਕਰਨਗੇ। ‘ਕੁਆਡ’ ਵਿਚ ਸ਼ਾਮਲ ਚਾਰ ਮੁਲਕਾਂ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਨੇ ਕਿਹਾ ਕਿ ਉਹ ਕੌਮਾਂਤਰੀ ਕਾਨੂੰਨਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ਤੋਂ ਇਕ ਦਿਨ ਮਗਰੋਂ ‘ਕੁਆਡ’ ਦੇ ਵਿਦੇਸ਼ ਮੰਤਰੀਆਂ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਡੀਸੀ ਵਿਚ ਬੈਠਕ ਕੀਤੀ। ਬੈਠਕ ਵਿਚ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਭਾਰਤ ਦੇ ਐੱਸ.ਜੈਸ਼ੰਕਰ, ਆਸਟਰੇਲੀਆ ਦੇ ਪੈਨੀ ਵੌਂਗ ਤੇ ਜਾਪਾਨ ਦੇ ਇਵਾਇਆ ਤਾਕੇਸ਼ੀ ਸ਼ਾਮਲ ਸਨ। ‘ਕੁਆਡ’ ਦੇ ਵਿਦੇਸ਼ ਮੰਤਰੀਆਂ ਨੇ ਚੀਨ ਨੂੰ ਇਹ ਸਪੱਸ਼ਟ ਸੰਦੇਸ਼ ਅਜਿਹੇ ਮੌਕੇ ਦਿੱਤਾ ਹੈ ਜਦੋਂ ਪੇਈਚਿੰਗ ਆਪਣੇ ਖੇਤਰੀ ਦਾਅਵਿਆਂ ਤੇ ਖੇਤਰੀ ਗਤੀਸ਼ੀਲਤਾ ਨੂੰ ਪ੍ਰਭਾਵਿਤ ਕਰਨ ਲਈ ਸਮੁੰਦਰ ਖਾਸ ਤੌਰ ’ਤੇ ਦੱਖਣੀ ਚੀਨ ਸਾਗਰ ਵਿੱਚ ਜ਼ੋਰ ਜ਼ਬਰਦਸਤੀ ਵਾਲੀਆਂ ਜੁਗਤਾਂ ਦੀ ਵਰਤੋਂ ਕਰ ਰਿਹਾ ਹੈ। ਇਨ੍ਹਾਂ ਜੁਗਤਾਂ ਵਿੱਚ ਵਿਵਾਦਿਤ ਪਾਣੀਆਂ ਅੰਦਰ ‘ਸਮੁੰਦਰੀ ਮਿਲੀਸ਼ੀਆ’ ਜ਼ਰੀਏ ਦੂਜੇ ਦੇਸ਼ਾਂ ਦੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅਤੇ ਤੱਟ ਰੱਖਿਅਕ ਜਹਾਜ਼ਾਂ ਨੂੰ ਡਰਾਉਣਾ ਅਤੇ ਪ੍ਰੇਸ਼ਾਨ ਕਰਨਾ ਸ਼ਾਮਲ ਹੈ।

ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਚਾਰ ਮੁਲਕਾਂ ਵੱਲੋਂ ‘ਕੁਆਡ’ ਨੂੰ ਅੱਗੇ ਲਿਜਾਣ ਦੀ ਯੋਜਨਾ ਬਾਰੇ ਦੱਸਿਆ ਗਿਆ। ਬਿਆਨ ਵਿਚ ਕਿਹਾ ਗਿਆ, ‘‘ਸਾਡੇ ਚਾਰ ਦੇਸ਼ਾਂ ਦਾ ਇਕ ਦੂਜੇ ’ਤੇ ਵਿਸ਼ਵਾਸ ਸਾਗਰੀ ਖੇਤਰ ਸਮੇਤ ਸਾਰੇ ਖੇਤਰਾਂ ਵਿੱਚ ਕੌਮਾਂਤਰੀ ਕਾਨੂੰਨ, ਆਰਥਿਕ ਮੌਕੇ, ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਸਣੇ ਹਿੰਦ ਪ੍ਰਸ਼ਾਂਤ ਦੇ ਲੋਕਾਂ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਦਰਸਾਉਂਦਾ ਹੈ।’’ ਚੀਨ ਦੇ ਹਵਾਲੇ ਨਾਲ ਬਿਆਨ ਵਿੱਚ ਕਿਹਾ ਗਿਆ, ‘‘ਅਸੀਂ ਕਿਸੇ ਵੀ ਇੱਕਪਾਸੜ ਕਾਰਵਾਈ, ਜੋ ਤਾਕਤ ਜਾਂ ਜ਼ੋਰ ਜ਼ਬਰਦਸਤੀ ਨਾਲ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ, ਦਾ ਵਿਰੋਧ ਕਰਦੇ ਹਾਂ। ਅਸੀਂ ਇੱਕ ਆਜ਼ਾਦ ਅਤੇ ਮੋਕਲੇ ਹਿੰਦ-ਪ੍ਰਸ਼ਾਂਤ ਨੂੰ ਮਜ਼ਬੂਤ ​​ਕਰਨ ਲਈ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ ਜਿੱਥੇ ਕਾਨੂੰਨ ਦੇ ਸ਼ਾਸਨ, ਜਮਹੂਰੀ ਕਦਰਾਂ-ਕੀਮਤਾਂ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ।’’ ‘ਕੁਆਡ’ ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਉਹ ਵੱਧ ਰਹੇ ਖਤਰਿਆਂ ਦੇ ਮੱਦੇਨਜ਼ਰ ਖੇਤਰੀ ਸਾਗਰੀ, ਆਰਥਿਕ ਅਤੇ ਤਕਨਾਲੋਜੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੇ ਨਾਲ ਭਰੋਸੇਮੰਦ ਤੇ ਲਚਕੀਲੇ ਸਪਲਾਈ ਚੇਨ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ, ‘‘ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ‘ਕੁਆਡ’ ਦੇ ਕੰਮ ਨੂੰ ਅੱਗੇ ਵਧਾਉਣ ਦੀ ਉਮੀਦ ਰੱਖਦੇ ਹਾਂ ਅਤੇ ਭਾਰਤ ਦੁਆਰਾ ਮੇਜ਼ਬਾਨੀ ਕੀਤੇ ਜਾਣ ਵਾਲੇ ਅਗਲੇ ‘ਕੁਆਡ’ ਆਗੂਆਂ ਦੇ ਸੰਮੇਲਨ ਦੀ ਤਿਆਰੀ ਕਰਦੇ ਹੋਏ ਨਿਯਮਤ ਤੌਰ ’ਤੇ ਮਿਲਾਂਗੇ।’’

Related posts

ਹਿਮਾਚਲ ਪ੍ਰਦੇਸ਼: ਵਿਮਲ ਨੇਗੀ ਮਾਮਲੇ ’ਤੇ ਸ਼ਿਮਲਾ ਦੇ ਐਸਪੀ ਨੇ ਡੀਜੀਪੀ ’ਤੇ ਲਾਏ ਦੋਸ਼

Current Updates

ਸਰਸ ਮੇਲਾ: ਸਟਾਲਾਂ ਨੇ ਖਿੱਚਿਆ ਦਰਸ਼ਕਾਂ ਦਾ ਧਿਆਨ

Current Updates

Khadoor Sahib ’ਚ ਤਹਿਸੀਲਦਾਰ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

Current Updates

Leave a Comment