ਛੱਤੀਸਗੜ੍ਹ-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਤਿੰਨ ਨਕਸਲੀ ਮਾਰੇ ਗਏ ਹਨ। ਬਸਤਰ ਰੇਂਜ ਦੇ ਆਈਜੀਪੀ ਸੁੰਦਰਰਾਜ ਪੀ. ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਇੰਦਰਾਵਤੀ ਨੈਸ਼ਨਲ ਪਾਰਕ ਦੇ ਜੰਗਲ ਵਿਚ ਆਪ੍ਰੇਸ਼ਨ ਚਲਾਇਆ ਸੀ ਜਦੋਂ ਨਕਸਲੀਆਂ ਨਾਲ ਮੁਕਾਬਲਾ ਹੋ ਗਿਆ। ਇਸ ਆਪ੍ਰੇਸ਼ਨ ਵਿਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਤੇ ਜ਼ਿਲ੍ਹਾ ਬਲ ਦਾ ਅਮਲਾ ਸ਼ਾਮਲ ਸੀ। ਅਧਿਕਾਰੀ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਰੁਕਣ ਮਗਰੋਂ ਤਿੰਨ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਇਨ੍ਹਾਂ ਕੋਲੋਂ ਸਵੈਚਾਲਿਤ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਵੀ ਮਿਲੀ ਹੈ। ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਸੀ। ਇਸ ਸਾਲ ਹੁਣ ਤੱਕ ਵੱਖ ਵੱਖ ਮੁਕਾਬਲਿਆਂ ਵਿਚ 12 ਨਕਸਲੀ ਮਾਰੇ ਗਏ ਹਨ।