June 9, 2025
ਖਾਸ ਖ਼ਬਰਪੰਜਾਬਰਾਸ਼ਟਰੀ

ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ

ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ

ਬਨੂੜ-ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ, ਕਿਸਾਨ ਮਜ਼ਦੂਰ ਮੋਰਚਾ ਵੱਲੋਂ ਬਨੂੜ ਬੈਰੀਅਰ ਅਤੇ ਵੱਖ-ਵੱਖ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਤਰਲੋਚਨ ਸਿੰਘ ਨੰਡਿਆਲੀ, ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ, ਨਿਰਮਲ ਸਿੰਘ ਬੰਟੀ ਸੇਖਨ ਮਾਜਰਾ, ਰੁਪਿੰਦਰ ਸਿੰਘ ਰੱਪੀ, ਗੁਰਪ੍ਰੀਤ ਸਿੰਘ ਨੰਡਿਆਲੀ, ਸਰਪੰਚ ਗੁਰਮੀਤ ਸਿੰਘ ਸਿਆਊ, ਮਨਜੀਤ ਸਿੰਘ ਬਿੱਲਾ ਖਲੌਰ ਨੇ ਆਖਿਆ ਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ 46 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰਅ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਨਵੀਂ ਕੌਮੀ ਮੰਡੀ ਨੀਤੀ ਰਾਹੀਂ ਤਿੰਨ ਕਾਲੇ ਖੇਤੀ ਕਾਨੂੰਨ ਦੁਬਾਰਾ ਵਾਪਿਸ ਲਿਆਉਣਾ ਚਾਹੁੰਦੀ ਹੈ, ਜਿਸ ਨੂੰ ਕਿਸਾਨ ਲਾਗੂ ਨਹੀਂ ਹੋਣ ਦੇਣਗੇ। ਇਸੇ ਤਰਾਂ ਮਨਜੀਤ ਸਿੰਘ ਤੰਗੌਰੀ, ਭੁਪਿੰਦਰ ਸਿੰਘ ਨੰਡਿਆਲੀ, ਰਵਿੰਦਰ ਸਿੰਘ ਝੱਜੋ, ਨੈਬ ਸਿੰਘ ਨੰਡਿਆਲੀ, ਸੁਖਦੇਵ ਸਿੰਘ, ਬਚਿੱਤਰ ਸਿੰਘ, ਅਮਰੀਕ ਸਿੰਘ ਕਰਾਲਾ, ਹੈਪੀ ਗੁਰਨਾਖੇੜੀ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿੱਚ ਵੀ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ।

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਏਕਤਾ ਵੱਲੋਂ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾ ਅਤੇ ਉੱਤਮ ਸਿੰਘ ਸੇਖੋਂ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ ਅਤੇ ਕਿਸਾਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਚੁੱਕਿਆ ਹੋਇਆ ਸੀ। ਇਹ ਰੋਸ ਮਾਰਚ ਗੁਰਦੁਆਰਾ ਸਾਹਿਬ ਖਮਾਣੋਂ ਤੋਂ ਸ਼ੁਰੂ ਹੋ ਕੇ ਦਾਣਾ ਮੰਡੀ ਦੇ ਮੁੱਖ ਗੇਟ ਅੱਗੇ ਸਮਾਪਤ ਹੋਇਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਵੀ ਲਾਗੂ ਨਹੀਂ ਕਰ ਰਹੀ ਜਿਸ ਕਾਰਨ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ’ਤੇ ਬੈਠੇ ਹਨ ਅਤੇ ਉਨ੍ਹਾਂ ਦੀ ਸਿਹਤ ਹਰ ਰੋਜ਼ ਵਿਗੜਦੀ ਜਾ ਰਹੀ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ। ਇਸ ਮੌਕੇ ਹਰਨੇਕ ਸਿੰਘ ਭਾਮੀਆਂ, ਲਖਵੀਰ ਸਿੰਘ ਜਟਾਣਾ ਉਚਾ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ ਗੋਲਡੀ ਸੋਮਲ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ ਬਾਗਵਾਲ, ਕੁਲਵੀਰ ਸਿੰਘ, ਨੰਬਰਦਾਰ ਗੁਰਦੇਵ ਸਿੰਘ ਮਨੈਲਾ, ਦਰਸ਼ਨ ਸਿੰਘ, ਜੋਧਾ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ ਲੁਹਾਰ ਮਾਜਰਾ, ਦਲਵਾਰਾ ਸਿੰਘ, ਜਸਵੀਰ ਸਿੰਘ ਮਨੈਲੀ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਜਿੰਦਰ ਸਿੰਘ ਹਾਜ਼ਰ ਸਨ।

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਬਕਾਇਆ ਮੰਗਾਂ ਜਿਵੇਂ ਐੱਮਐੱਸਪੀ ’ਤੇ ਗਾਰੰਟੀ, ਪੂਰਨ ਕਰਜ਼ਾ ਮੁਆਫੀ ਅਤੇ ਖਨੌਰੀ ਸਰਹੱਦ ’ਤੇ 46 ਦਿਨ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਨੇ ਅਜੇ ਤੱਕ ਕਿਸਾਨੀ ਮੰਗਾਂ ਸਬੰਧੀ ਕੋਈ ਗੱਲਬਾਤ ਜਾਂ ਮੰਨੀਆਂ ਹੋਈਆਂ ਮੰਗਾਂ ਬਾਰੇ ਹੁੰਗਾਰਾ ਨਹੀਂ ਭਰਿਆ। ਇਸ ਦੇ ਰੋਸ ਵਜੋਂ ਕੇਂਦਰ ਸਰਕਾਰਾਂ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੁਤਲੇ ਸਾੜੇ ਗਏ ਤੇ ਖਰੜ ਬੱਸ ਅੱਡੇ ’ਚ ਸਿੱਧੂਪੁਰ ਜਥੇਬੰਦੀ ਵੱਲੋਂ ਤੇ ਇਲਾਕੇ ਦੇ ਕਿਸਾਨਾਂ ਵੱਲੋਂ ਪੁਤਲਾ ਸਾੜਿਆ ਗਿਆ। ਮੇਹਰ ਸਿੰਘ ਥੇੜੀ ਤੇ ਰਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕੇਂਦਰ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜਸਪਾਲ ਸਿੰਘ ਨਿਆਮੀਆਂ, ਹਕੀਕਤ ਸਿੰਘ ਘੜੂੰਆਂ, ਗੁਰਜੰਟ ਸਿੰਘ ਪੋਪਨਾ, ਸੁਖਦੇਵ ਸਿੰਘ, ਸੁਰਮੁੱਖ ਸਿੰਘ, ਬਹਾਦਰ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਰਾਜਵੀਰ ਸਿੰਘ, ਦਿਦਾਰ ਸਿੰਘ, ਲੋਕ ਹਿੱਤ ਕਮਿਸ਼ਨ, ਮਾਸਟਰ ਕਰਨੈਲ ਸਿੰਘ, ਸੁੱਚਾ ਸਿੰਘ, ਸੁਰਿੰਦਰਪਾਲ ਸਿੰਘ ਅਤੇ ਅਜੈਬ ਸਿੰਘ ਹਾਜ਼ਰ ਸਨ।

ਅੰਬਾਲਾ (ਰਤਨ ਸਿੰਘ ਢਿੱਲੋਂ): ਕੇਂਦਰ ਸਰਕਾਰ ਦੇ ਪੁਤਲੇ ਫੁਕਣ ਦੇ ਸੱਦੇ ਨੂੰ ਅੰਬਾਲਾ ਜ਼ਿਲ੍ਹੇ ਵਿਚ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਅੰਬਾਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਬੈਨਰ ਥੱਲੇ ਜਲਬੇੜਾ, ਦੁਰਾਣਾ, ਭਾਨੋਖੇੜੀ ਤੇ ਮੌਹੜੀ ਪਿੰਡ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਤੇ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਸਮਾਰਟ ਮੀਟਰ ਦਾ ਵਿਰੋਧ-ਨੇੜਲੇ ਪਿੰਡ ਖੇੜੀ ਗੁਰਨਾ ਵਿਖੇ ਬਿਜਲੀ ਦਾ ਸਮਾਰਟ ਮੀਟਰ ਲਗਾਉਣ ਆਏ ਪਾਵਰਕੌਮ ਦੇ ਕਰਮਚਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਬਿਜਲੀ ਦਾ ਮੀਟਰ ਬਿਨਾਂ ਲਗਾਏ ਹੀ ਪਰਤਣਾ ਪਿਆ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਖ਼ਜ਼ਾਨਚੀ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ, ਸੁਖਚੈਨ ਸਿੰਘ ਥਿੰਦ, ਗੁਰਬਚਨ ਸਿੰਘ, ਸਤਨਾਮ ਸਿੰਘ, ਯੁਵਰਾਜ ਸਿੰਘ ਤੇ ਗੁਰਮੇਜਰ ਸਿੰਘ ਨੇ ਕਿਹਾ ਕਿ ਉਹ ਇਲਾਕੇ ਦੇ ਵਿੱਚ ਕਿਸੇ ਵੀ ਥਾਂ ’ਤੇ ਬਿਜਲੀ ਦਾ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ।

Related posts

‘ਇੱਕ ਦੇਸ਼, ਇੱਕ ਚੋਣ’ ’ਤੇ ਬਹਿਸ ਲੋਕਤੰਤਰ ਲਈ ਅਹਿਮ: ਮੋਦੀ

Current Updates

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਸਕਦੇ ਨੇ ਅਸਤੀਫਾ

Current Updates

ਕੈਨੇਡਾ ’ਚ ਪਨਾਹ ਨਹੀਂ ਮੰਗ ਸਕਣਗੇ ਕੋਮਾਂਤਰੀ ਵਿਦਿਆਰਥੀ

Current Updates

Leave a Comment