ਪਟਿਆਲਾ-ਥਾਣਾ ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਟੀਮ ਨੇ ਇਰਾਦਾ ਕਤਲ ਦੇ ਇੱਕ ਮਾਮਲੇ ਵਿੱਚ ਪੀੜਤ ਦੀ ਪਤਨੀ ਸਮੇਤ ਤਿੰਨ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਪਿਸਤੌਲ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਇਹ ਘਟਨਾ ਪ੍ਰੇਮ ਸਬੰਧਾਂ ਨਾਲ ਜੁੜੀ ਹੋਈ ਹੈ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾਉਣ ਦੀ ਸੁਪਾਰੀ ਦਿੱਤੀ ਸੀ। ਸੁਪਾਰੀ ਲੈਣ ਵਾਲੇ ਨੇ ਭਾਵੇਂ ਉਸ ਨੂੰ ਗੋਲੀ ਮਾਰ ਦਿੱਤੀ ਪਰ ਗੋਲੀ ਉਸ ਦੀ ਗਰਦਨ ਨੂੰ ਛੂੰਹਦੀ ਹੋਈ ਉਸ ਦੇ ਦੋਸਤ ਦੇ ਨੱਕ ’ਤੇ ਲੱਗੀ ਸੀ। ਇਸ ਕਾਰਨ ਉਸ ਦੀ ਨਜ਼ਰ ਜਾਂਦੀ ਰਹੀ
ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਸਿਟੀ ਸਰਫਰਾਜ ਆਲਮ ਅਤੇ ਡੀਐੱਸਪੀ ਸਿਟੀ-1 ਸਤਨਾਮ ਸਿੰਘ ਸਮੇਤ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਹਰਸਿਮਰਨਜੀਤ ਸਿੰਘ ਗੋਰਾ, ਕਰਨ ਸਿੰਘ ਨਿਖਿਲ ਅਤੇ ਮਨਪ੍ਰੀਤ ਕੌਰ ਗੋਗੀ ਵਾਸੀਆਂ ਪਿੰਡ ਤੇਜਾ ਥਾਣਾ ਸਦਰ ਪਟਿਆਲਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੀੜਤ ਬਲਜਿੰਦਰ ਸਿੰਘ ਕੰਬਾਈਨ ’ਤੇ ਕਰਦਾ ਹੈ ਅਤੇ ਉਸ ਦੀ ਗੈਰਮੌਜੂਦਗੀ ’ਚ ਉਸ ਦੀ ਪਤਨੀ ਮਨਪ੍ਰੀਤ ਕੌਰ ਦੇ ਆਪਣੇ ਗੁਆਢੀ ਹਰਸਿਮਰਨਜੀਤ ਗੋਰੇ ਨਾਲ ਕਥਿਤ ਸਬੰਧ ਬਣ ਗਏ ਤੇ ਉਹ ਵਿਆਹ ਕਰਵਾਉਣਾ ਚਾਹੁੰਦੇ ਸਨ। ਇਸ ਕਰਕੇ ਪਤੀ ਨੂੰ ਰਾਹ ਵਿੱਚ ਰੋੜਾ ਮੰਨਦੇ ਹੋਏ ਦੋਵਾਂ ਨੇ ਉਸ ਨੂੰ ਮਰਵਾਉਣ ਲਈ 5 ਲੱਖ ਦੀ ਸੁਪਾਰੀ ਦਿੰਦਿਆਂ ਨਿਖਿਲ ਨੂੰ 1.55 ਲੱਖ ਪਹਿਲਾਂ ਦੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਦੋ ਜਨਵਰੀ ਦੀ ਸ਼ਾਮ ਨੂੰ ਜਦੋਂ ਬਲਜਿੰਦਰ ਸਿੰਘ ਆਪਣੇ ਦੋ ਦੋਸਤਾਂ ਪਾਲਾ ਰਾਮ ਅਤੇ ਰਣਜੀਤ ਸਿੰਘ ਸਮੇਤ ਮੋਟਰਸਾਈਕਲ ’ਤੇ ਮੰਜਾਲ ਪਿੰਡ ਕੋਲ ਜਾ ਰਿਹਾ ਸੀ ਤਾਂ ਨਿਖਿਲ ਨੇ ਉਸ ਦੇ ਗੋਲੀ ਮਾਰ ਦਿੱਤੀ। ਇਸ ਦੌਰਾਨ ਗੋਲੀ ਬਲਜਿੰਦਰ ਦੀ ਗਰਦਨ ਨੂੰ ਛੂੰਹਦੀ ਹੋਈ ਪਾਲਾ ਰਾਮ ਦੀ ਨੱਕ ਦੀ ਹੱਡੀ ’ਤੇ ਜਾ ਵੱਜੀ ਸੀ। ਇਸ ਸਬੰਧੀ ਵਿੱਚ 3 ਜਨਵਰੀ ਨੂੰ ਥਾਣਾ ਸਦਰ ਪਟਿਆਲਾ ’ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਕੋਤਵਾਲੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਢਿੱਲੋਂ ਤੇ ਟੀਮ ਨੇ ਇਸ ਮਾਮਲੇ ਦਾ ਸੁਰਾਗ ਲਾ ਕੇ ਮਨਪ੍ਰੀਤ ਕੌਰ ਸਮੇਤ ਗੋਰੇ ਅਤੇ ਨਿਖਿਲ ਨੂੰ ਵੀ ਕਾਬੂ ਕਰ ਲਿਆ ਹੈ। ਹਰਜਿੰਦਰ ਢਿੱਲੋਂ ਤੇ ਟੀਮ ਨੇ ਪਹਿਲਾਂ ਵੀ ਕਈ ਗੁੰਝਲ਼ਦਾਰ ਮਾਮਲੇ ਹੱਲ ਕੀਤੇ ਹਨ ਜਿਸ ਤਹਿਤ ਐੱਸਐੱਸਪੀ ਨਾਨਕ ਸਿੰਘ ਨੇ ਮੀਡੀਆ ਦੇ ਸਾਹਮਣੇ ਹੀ ਹਰਜਿੰਦਰ ਢਿੱਲੋਂ ਤੇ ਟੀਮ ਦੀ ਪਿੱਠ ਵੀ ਥਾਪੜੀ। ਇਸ ਮੌਕੇ ਥਾਣਾ ਸਿਵਲ ਲਾਈਨ ਦੇ ਮੁਖੀ ਅੰਮ੍ਰਿਤਬੀਰ ਚਹਿਲ ਵੀ ਮੌਜੂਦ ਸਨ।