ਹੈਦਰਾਬਾਦ-ਸੰਧਿਆ ਥੀਏਟਰ ਭਗਦੜ ਮਾਮਲੇ ਵਿਚ ਤੇਲਗੂ ਅਦਾਕਾਰ ਅੱਲੂ ਅਰਜੁਨ {Allun Arjun }ਤੋਂ ਮੰਗਲਵਾਰ ਨੂੰ ਚਿੱਕੜਪੱਲੀ ਥਾਣਾ ਪੁਲੀਸ ਨੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਅੱਲੂ ਅਰਜੁਨ ਆਪਣੇ ਪਿਤਾ ਅਤੇ ਵਕੀਲਾਂ ਦੇ ਨਾਲ ਪੇਸ਼ ਹੋਣ ਲਈ ਆਏ ਅਤੇ ਪੁੱਛਗਿੱਛ ਦੁਪਹਿਰ 2.45 ਵਜੇ ਤੱਕ ਚੱਲੀ।
ਇਸ ਦੌਰਾਨ ਸੈਂਟਰਲ ਜ਼ੋਨ ਦੇ ਡੀਸੀਪੀ ਅਕਸ਼ਾਂਸ਼ ਯਾਦਵ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਅਦਾਕਾਰ ਤੋਂ ਪੁੱਛਗਿੱਛ ਕੀਤੀ। ਚਿੱਕੜਪੱਲੀ ਪੁਲੀਸ ਸਟੇਸ਼ਨ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਅਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਤੋਂ ਇਲਾਵਾ ਥਾਣੇ ਨੂੰ ਜਾਣ ਵਾਲੀਆਂ ਸੜਕਾਂ ‘ਤੇ ਆਵਾਜਾਈ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਅਦਾਕਾਰ ਨੂੰ 23 ਦਸੰਬਰ ਨੂੰ ਸਵੇਰੇ 11 ਵਜੇ ਪੁਲੀਸ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ।ਪੁਲੀਸ ਨੇ ਅੱਲੂ ਅਰਜੁਨ {Allun Arjun} ਦੀ ਪੇਸ਼ੀ ਲਈ ਆਪਣੇ ਨੋਟਿਸ ਵਿੱਚ ਕਿਹਾ ਕਿ ਭਗਦੜ ਵਾਲੀ ਘਟਨਾ ਬਾਰੇ ਜਵਾਬ ਲੈਣ ਲਈ ਅਤੇ ਤੱਥਾਂ ਦਾ ਪਤਾ ਲਗਾਉਣ ਲਈ ਜੇ ਜਰੂਰੀ ਹੋਏ ਤਾਂ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਲਈ ਚਿੱਕੜਪੱਲੀ ਥਾਣੇ ਦੇ ਐਸਐਚਓ ਦੇ ਸਾਹਮਣੇ ਉਸਦੀ ਮੌਜੂਦਗੀ ਜ਼ਰੂਰੀ ਹੈ।