April 9, 2025
ਖਾਸ ਖ਼ਬਰਮਨੋਰੰਜਨ

ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ ਸੁਰਜੀਤ ਬਿੰਦਰਖੀਆ, ਪੜ੍ਹੋ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ ਸੁਰਜੀਤ ਬਿੰਦਰਖੀਆ, ਪੜ੍ਹੋ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਸੁਰਜੀਤ ਬਿੰਦਰਖੀਆ- ਜਦੋਂ ਸੁਰਜੀਤ ਬਿੰਦਰਖੀਏ (Surjit Bindrakhia) ਦੀ 1991 ਵਿਚ ਪਹਿਲੀ ਕੈਸਿਟ ‘ਮੁੰਡੇ ਆਖਦੇ ਪਟਾਕਾ’ ਆਈ, ਤਾਂ ਇਹ ਸਾਫ਼ ਹੋ ਗਿਆ ਸੀ ਕਿ ਇਹ ਫਨਕਾਰ ਲੰਬਾ ਸਮਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰੇਗਾ। ਵੈਸੇ ਤਾਂ ਇਸ ਕੈਸਿਟ ਦੇ ਸਾਰੇ ਗੀਤ ਮਕਬੂਲ ਹੋਏ ਪਰ ਖ਼ਾਸ ਕਰਕੇ ਇਕ ਗੀਤ ‘ਇੱਥੇ ਮੇਰੀ ਨੱਥ ਡਿੱਗ ਪਈ’ ਤਾਂ ਅੱਜ ਵੀ ਡੀਜੇ ’ਤੇ ਸੁਣਨ ਨੂੰ ਮਿਲ ਜਾਂਦਾ ਹੈ। ਇਸ ਬਾਅਦ ਆਈ ਉਸ ਦੀ ਹਰ ਕੈਸਿਟ ਤੇ ਹਰ ਗੀਤ ਹਿੱਟ ਹੋਇਆ। ਅਸਲ ’ਚ ਬਿੰਦਰਖੀਏ ਦੀ ਆਵਾਜ਼ ਸੁਣਨ ਵਾਲੇ ਨੂੰ ਕੀਲ ਕੇ ਰੱਖ ਦਿੰਦੀ ਸੀ। ਉਸ ਦੇ ਗੀਤ ਅੱਜ ਵੀ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਸਨ। ਉਸ ਦੀ ਅੰਤਿਮ ਅਰਦਾਸ ਮੌਕੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਨੇ ਸੁਰਜੀਤ ਬਿੰਦਰਖੀਏ ਦੀ ਸਿਫ਼ਤ ’ਚ ਕਿਹਾ ਸੀ, ‘ਅਸੀ ਤਾਂ ਉਸ ਨੂੰ ਡੀਜੇ ਕਿੰਗ (DJ King)ਆਖ ਕੇ ਬੁਲਾਉਂਦੇ ਸੀ’। ਵਾਰਿਸ ਦੀ ਇਹ ਗੱਲ ਬਿਲਕੁਲ ਸੱਚ ਵੀ ਹੈ ਕਿਉਂਕਿ ਉਸ ਦੇ ਗਾਏ ਗੀਤ ਅੱਜ ਵੀ ਵਿਆਹਾਂ ਜਾਂ ਹੋਰ ਪ੍ਰੋਗਰਾਮਾਂ ਮੌਕੇ ਆਮ ਹੀ ਵੱਜਦੇ ਹਨ।

ਗਿੰਨੀਜ਼ ਬੁੱਕ ’ਚ ਦਰਜ ਕਰਵਾਇਆ ਨਾਂ-ਸੁਰਜੀਤ ਬਿੰਦਰਖੀਆ ਨੇ ਮਿਰਜ਼ਾ, ਜੁਗਨੀ, ਟੱਪੇ ਤੇ ਭੰਗੜੇ ਵਾਲੇ ਗੀਤ ਗਾ ਕੇ ਗਾਇਕੀ ਦੇ ਖੇਤਰ ’ਚ ਖ਼ੁਦ ਦੀ ਵੱਖਰੀ ਪਛਾਣ ਬਣਾਈ। ਉਸ ਨੇ ‘ਜੁਗਨੀ’ ਗੀਤ ’ਚ 28 ਸਕਿੰਟ ਦੀ ਲੰਬੀ ਹੇਕ ਲਾ ਕੇ ‘ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ’ਚ ਵੀ ਆਪਣਾ ਨਾਂ ਦਰਜ ਕਰਵਾਇਆ। ਉਹ ਗੱਲ ਵੱਖਰੀ ਹੈ ਕਿ ਬਾਅਦ ’ਚ ਉਸ ਦੀ ਹੇਕ 40 ਸਕਿੰਟ ਤੋਂ ਵੀ ਲੰਬੀ ਹੋ ਗਈ ਸੀ। ਉਸ ਨੇ ਕਈ ਗੀਤਕਾਰਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਪਰ ਸਭ ਤੋਂ ਜ਼ਿਆਦਾ ਗੀਤ ਉਸ ਨੇ ਸ਼ਮਸ਼ੇਰ ਸੰਧੂ ਦੇ ਲਿਖੇ ਗਾਏ, ਜਿਨ੍ਹਾਂ ’ਚੋਂ ‘ਤੇਰੇ ’ਚ ਤੇਰਾ ਯਾਰ ਬੋਲਦਾ’, ‘ਲੱਕ ਟੁਣੂੰ- ਟੁਣੂੰ’, ‘ਮੁੱਖੜਾ ਵੇਖ ਕੇ ਮਰ ਗਿਆ ਨੀਂ’, ‘ਪੇਕੇ ਹੁੰਦੇ ਮਾਵਾਂ ਨਾਲ’, ‘ਕੱਚੇ ਤੰਦਾਂ ਜਿਹੀਆਂ ਅੱਜ-ਕੱਲ੍ਹ ਯਾਰੀਆਂ’, ‘ਨੀ ਤੂੰ ਜੱਟ ਦੀ ਪਸੰਦ’, ‘ਮੈਂ ਤਿੜਕੇ ਘੜੇ ਦਾ ਪਾਣੀ’ ਅੱਜ ਵੀ ਲੋਕਾਂ ਦੀ ਪਸੰਦ ਹਨ। ਇਹ ਵੀ ਇਕ ਸਬੱਬ ਹੀ ਬਣਿਆ ਸੀ ਕਿ ਬਿੰਦਰਖੀਏ ਦੀ ਜ਼ਿੰਦਗੀ ਦਾ ਆਖ਼ਰੀ ਗੀਤ ਮੰਨਿਆ ਗਿਆ ‘ਮੈਂ ਤਿੜਕੇ ਘੜੇ ਦਾ ਪਾਣੀ, ਕੱਲ੍ਹ ਤੱਕ ਨਹੀਂ ਰਹਿਣਾ’ ਉਹ ਵੀ ਸ਼ਮਸ਼ੇਰ ਸੰਧੂ ਦਾ ਹੀ ਲਿਖਿਆ ਹੋਇਆ ਸੀ।

ਫਿਲਮਾਂ ’ਚ ਅਖਾੜੇ ਦੇ ਰੂਪ ’ਚ ਫਿਲਮਾਏ ਗੀਤ-ਪੰਜਾਬੀ ਦੇ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਨੇ ਨਾ ਸਿਰਫ਼ ਸੁਰਜੀਤ ਬਿੰਦਰਖੀਏ ਨੂੰ ਆਪਣੇ ਗੀਤਾਂ ਨਾਲ ਪ੍ਰਸਿੱਧੀ ਦਿਵਾਈ ਸਗੋਂ ਫਿਲਮਾਂ ’ਚ ਵੀ ਉਸ ਦੇ ਗੀਤ ਰਿਕਾਰਡ ਕਰਵਾਉਣ ਵਾਲਾ ਉਹੀ ਸੀ। ਉਸ ਨੇ ਹੀ ਪਿੰਡ ਖੇਤਾਂ ’ਚ ਕੰਮ ਕਰਦੇ ਸੁਰਜੀਤ ਤੱਕ ਪਹੁੰਚ ਕਰ ਕੇ ਉਸ ਨੂੰ ਫਿਲਮ ‘ਅਣਖ ਜੱਟਾਂ ਦੀ’ (1990) ’ਚ ਗਾਉਣ ਦਾ ਮੌਕਾ ਦਿੱਤਾ ਸੀ। ਇਸ ਤੋਂ ਬਾਅਦ ਤਾਂ ਉਸ ਨੇ ਸਮੇਂ-ਸਮੇਂ ਕਈ ਫਿਲਮਾਂ ’ਚ ਅਖਾੜੇ ਲਗਾਏ। ਇਨ੍ਹਾਂ ਫਿਲਮਾਂ ’ਚ ‘ਬਦਲਾ ਜੱਟੀ ਦਾ’, ‘ਜੱਟ ਜਿਊਣਾ ਮੌੜ’ (1991), ‘ਕਚਹਿਰੀ’ (1994), ‘ਇਸ਼ਕ ਨਚਾਵੇ ਗਲੀ-ਗਲੀ’, ‘ਜ਼ੋਰਾਵਰ’ , ‘ਰੱਬ ਦੀਆਂ ਰੱਖਾਂ’ (1996) ਆਦਿ ਦੇ ਨਾਂ ਜ਼ਿਕਰਯੋਗ ਹਨ। ਉਸ ਦੇ ਇਹ ਗੀਤ ਫਿਲਮਾਂ ’ਚ ਅਖਾੜੇ ਦੇ ਰੂਪ ’ਚ ਫਿਲਮਾਏ ਗਏ ਸਨ। ਫਿਲਮ ‘ਜੱਟ ਜਿਊਣਾ ਮੌੜ’ ’ਚ ਉਸ ਵੱਲੋਂ ਗਾਈ ‘ਬਾਬਾ ਬੰਦਾ ਸਿੰਘ ਬਹਾਦਰ’ ਦੀ ਵਾਰ ਤਾਂ ਬੇਹੱਦ ਮਕਬੂਲ ਹੋਈ ਸੀ। ਇਸੇ ਤਰ੍ਹਾਂ ਦਿਲਸ਼ਾਦ ਅਖ਼ਤਰ ਨਾਲ ਗਾਇਆ ਗੀਤ ‘ਕਹਿੰਦੇ ਹੁੰਦਾ ਡਾਂਗ ’ਤੇ ਡੇਰਾ ਜੱਟ ਦਾ’ ਵੀ ਖ਼ੂਬ ਪ੍ਰਸਿੱਧ ਹੋਇਆ ਸੀ।

ਕਾਲਜ ਦੀ ਸਟੇਜ ਤੋਂ ਹੋਈ ਸ਼ੁਰੂਆਤ –ਉਸ ਦਾ ਅਸਲ ਨਾਂ ਸੁਰਜੀਤ ਸਿੰਘ ਬੈਂਸ ਸੀ। ਪਿਤਾ ਸੁੱਚਾ ਸਿੰਘ ਆਪਣੇ ਪੁੱਤ ਨੂੰ ਚੋਟੀ ਦਾ ਪਹਿਲਵਾਨ ਬਣਾਉਣਾ ਚਾਹੁੰਦਾ ਸੀ ਪਰ ਸੁਰਜੀਤ ਦਾ ਜ਼ਿਆਦਾ ਰੁਝਾਨ ਗਾਇਕੀ ਵੱਲ ਸੀ। ਵੈਸੇ ਸ਼ੁਰੂਆਤੀ ਦੌਰ ’ਚ ਉਹ ਘੁਲਦਾ ਵੀ ਰਿਹਾ ਤੇ ਉਸ ਦੀ ਖ਼ੁਰਾਕ ਵੀ ਬਚਪਨ ਤੋਂ ਹੀ ਪਹਿਲਵਾਨਾਂ ਵਾਲੀ ਸੀ। ਸ਼ਾਇਦ ਇਹ ਉਸੇ ਖ਼ੁਰਾਕ ਦਾ ਹੀ ਅਸਰ ਸੀ ਕਿ ਜਦੋਂ ਉਹ ਸਟੇਜ ਸ਼ੋਅ ਲਗਾਉਂਦਾ ਤਾਂ ਇਕ ਗੀਤ ’ਚ ਹੀ ਕਈ-ਕਈ ਵਾਰ ਲੰਬੀ ਹੇਕ ਲਗਾ ਜਾਂਦਾ ਸੀ।

ਕਾਲਜ ਪੜ੍ਹਦੇ ਸਮੇਂ ਭੰਗੜਾ ਟੀਮ ਦਾ ਉਹ ਕਪਤਾਨ ਵੀ ਸੀ। ਕਾਲਜ ਦੀਆਂ ਸਟੇਜਾਂ ਤੇ ਯੂਥ ਫੈਸਟੀਵਲ ਦੀਆ ਸਟੇਜਾਂ ’ਤੇ ਉਸ ਨੇ ਭੰਗੜਾ ਪਾਇਆ ਤੇ ਖ਼ੂਬ ਮਾਣ-ਸਨਮਾਨ ਹਾਸਲ ਕੀਤੇ। ਉਸ ਦੀ ਇਸੇ ਕਲਾ ਨੂੰ ਪੰਮੀ ਬਾਈ ਨੇ ਹੋਰ ਨਿਖਾਰਿਆ ਤੇ 1982 ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਸਬੰਧ ਵਿਚ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਵਿਚ ਗਾਉਣ ਦਾ ਮੌਕਾ ਦਿੱਤਾ। ਇਸੇ ਤਰ੍ਹਾਂ ਬਿਦਰਖੀਆ ਕਾਲਜ ਤੇ ਯੂਥ ਫੈਸਟੀਵਲਾਂ ਦੀਆਂ ਸਟੇਜਾਂ ’ਤੇ ਬੋਲੀਆਂ ਪਾਉਂਦਾ-ਪਾਉਂਦਾ ਗਾਇਕੀ ਨਾਲ ਪੱਕੇ ਤੌਰ ’ਤੇ ਜੁੜ ਗਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ੁਰੂਆਤ ’ਚ ਸੁਰਜੀਤ ਆਪਣੇ ਨਾਂ ਪਿੱਛੇ ਆਪਣਾ ਗੋਤ ਬੈਂਸ ਲਗਾਉਂਦਾ ਸੀ। ਫਿਰ ਕੁਝ ਸਮੇਂ ਬਾਅਦ ਉਸ ਨੇ ਆਪਣੇ ਨਾਂ ਮਗਰ ਆਪਣੇ ਪਿੰਡ ਦਾ ਨਾਂ ਜੋੜ ਲਿਆ ਸੀ।

40 ਕੈਸਿਟਾਂ ਮਾਰਕੀਟ ’ਚ ਆਈਆਂ –ਉਸ ਦੀਆਂ 40 ਤੋਂ ਵੀ ਜ਼ਿਆਦਾ ਕੈਸਿਟਾਂ ਮਾਰਕੀਟ ਵਿਚ ਆਈਆਂ। ਇਹ ਸਾਰੀਆਂ ਕੈਸਿਟਾਂ ਲਗਭਗ ਸੁਪਰਹਿੱਟ ਸਾਬਿਤ ਹੋਈਆਂ। ਇਨ੍ਹਾਂ ਕੈਸਿਟਾਂ ’ਚੋਂ ‘ਮੁੰਡੇ ਆਖਦੇ ਪਟਾਕਾ’ (1991), ਬੱਸ ਬੱਸ ਕਰ (1992), ਹਾਏ ਦਬੂਕਾ (1995) ਤੋਬਾ-ਤੋਬਾ ਹੁਸਨ, ਲੱਭ ਕਿਤੋਂ ਭਾਬੀਏ, ਦਿਲ ਵੱਟੇ ਦਿਲ ਮੰਗਦਾ (1996) ਟੀ. ਸੀਰੀਜ਼, ਸੋਹਣੀ ਨਾਰ, ਫੁੱਲਾਂ ਵਾਂਗੂ ਹੱਸਦੀਏ, ਨਾਰੇ ਨੀ ਮੁਟਿਆਰੇ (1997), ਵੰਗ ਵਰਗੀ ਕੁੜੀ, ਵਲੈਤੀ ਮਸਤੀ, ਬਿੰਦਰਖੀਆ ਪਾਵਰ ਪੁੰਆਂਇਟ (1998), ਤੇਰਾ ਵਿਕਦਾ ਜੈ ਕੁਰੇ ਪਾਣੀ, ਮੁੱਖੜਾ ਦੇਖ ਕੇ (1999), ਰੁਮਾਲ ਭੁੱਲ ਗਈ, ਅੱਡੀ ਉੱਤੇ ਘੁੰਮ, ਦਿਲ ਨੱਚਦਾ, ਬੈਸਟ ਆਫ ਬਿੰਦਰਖੀਆ, ਬਿੰਦਰਖੀਆ ਰੀਮਿਕਸ, ਵੰਗ ਹੋਈ ਤੰਗ, (2000), ਲੱਕ ਟੁੰਣੂ-ਟੁੰਣੂ, ਅੱਖੀਆਂ ਦੇ ਵਣਜ਼ ਬੁਰੇ, ਇੱਕ ਫੁੱਲ ਕੱਢਦਾ ਫੁਲਕਾਰੀ, ਚੀਜ਼ ਕਮਾਲ ਦੀ, ਬਿੰਦਰਖੀਆ ਬਲਾਸਟ (2001), ਦਿਲਾਂ ਦੀਆਂ ਚੋਰੀਆਂ, ਮੁੰਡਾ ਕੀ ਮੰਗਦਾ (2002), ਬਿੱਲੀਆਂ ਅੱਖੀਆਂ, ਗੱਭਰੂ ਗੁਲਾਬ ਵਰਗਾ, ਫਾਰਐਵਰ ਸੁਰਜੀਤ ਬਿੰਦਰੱਖੀਆ, ਇਸ਼ਕੇ ਦੀ ਅੱਗ (2003) ਤੋਂ ਇਲਾਵਾ ਧਾਰਮਿਕ ਕੈਸਿਟਾਂ ‘ਜਨਮ ਦਿਹਾੜਾ ਖਾਲਸੇ ਦਾ’ (2001), ‘ਸਿੰਘੋ ਸੇਵਾਦਾਰ ਬਣੋ’ (2002), ‘ਭਾਈ ਸੰਗਤ ਸਿੰਘ ਜੀ’ (2009) ਵੀ ਮਾਰਕੀਟ ’ਚ ਆਈਆਂ। ‘ਮਾਂ ਮੈਂ ਮੁੜ ਨਹੀਂ ਪੇਕੇ ਆਉਣਾ’ ਗੀਤ ਸੁਣਨ ਮਗਰੋਂ ਹਰ ਧੀ ਨੂੰ ਆਪਣੀ ਮਾਂ ਦੀ ਯਾਦ ਜ਼ਰੂਰ ਆਉਂਦੀ ਹੋਵੇਗੀ। ਗੀਤ ‘ਜੁਗਨੀ’ ਵਿਚ ਲਗਾਈ 28 ਸਕਿੰਟ ਦੀ ਲੰਬੀ ਹੇਕ ਵੀ ਸਾਰਿਆਂ ਦੇ ਚੇਤਿਆਂ ’ਚ ਅੱਜੀ ਵੀ ਵਸੀ ਹੋਈ ਹੈ।

ਪਿਤਾ ਦੀਆਂ ਪੈੜਾਂ ’ਤੇ ਚੱਲ ਰਿਹਾ ਪੁੱਤ –ਅੱਜ-ਕੱਲ੍ਹ ਉਸ ਦਾ ਬੇਟਾ ਗੀਤਾਜ਼ (Gitaz Bindrakhia) ਵੀ ਆਪਣੇ ਪਿਤਾ ਸੁਰਜੀਤ ਬਿੰਦਰਖੀਏ ਦੀਆਂ ਪਾਈਆਂ ਪੈੜਾਂ ’ਤੇ ਚੱਲਦਾ ਹੋਇਆ ਪੰਜਾਬੀ ਗਾਇਕੀ ਖੇਤਰ ’ਚ ਆਪਣਾ ਨਾਂ ਖ਼ੂਬ ਚਮਕਾ ਰਿਹਾ ਹੈ। ਲਗਪਗ ਡੇਢ ਦਹਾਕਾ ਗਾਇਕੀ ਦੇ ਖੇਤਰ ’ਚ ਲਗਾਤਾਰ ਰਾਜ ਕਰਨ ਤੋਂ ਬਾਅਦ 41 ਸਾਲਾਂ ਦੀ ਛੋਟੀ ਉਮਰ ’ਚ ਹੀ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਸੁਰਜੀਤ ਬਿੰਦਰਖੀਆ ਆਖ਼ਰ 17 ਨਵੰਬਰ 2003 ’ਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ। ਅੱਜ ਭਾਵੇਂ ਇਸ ਬੁਲੰਦ ਆਵਾਜ਼ ਵਾਲੇ ਫਨਕਾਰ ਨੂੰ ਸਾਡੇ ਤੋਂ ਵਿਛੜਿਆਂ 18 ਸਾਲ ਹੋ ਗਏ ਹਨ ਪਰ ਅੱਜ ਵੀ ਵਿਆਹਾਂ ਸ਼ਾਦੀਆਂ ਤੇ ਹੋਰ ਖ਼ੁਸ਼ੀ ਦੇ ਮੌਕੇ ’ਤੇ ਜਦੋਂ ਸੁਰਜੀਤ ਬਿੰਦਰਖੀਆ ਦੇ ਗੀਤ ਸੁਣਨ ਨੂੰ ਮਿਲਦੇ ਹਨ ਤਾਂ ਇਵੇਂ ਜਾਪਦਾ ਹੈ, ਜਿਵੇਂ ਉਹ ਸਾਡੇ ਵਿਚਕਾਰ ਹੀ ਹੋਵੇ।

Related posts

ਪੰਜਾਬ ਦੇ ਲੋਕਾਂ ਦੀ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਪਰਮਾਤਮਾ ਤੋਂ ਮੰਗਿਆ ਆਸ਼ੀਰਵਾਦ

Current Updates

ਉੱਤਰਾਧਿਕਾਰੀ ਬਾਰੇ ਪਾਰਟੀ ਫੈਸਲਾ ਕਰੇਗੀ, ਮੈਂ ਨਹੀਂ: ਮਮਤਾ

Current Updates

ਭਗਦੜ ਭਾਰਤੀ ਯੂਥ ਕਾਂਗਰਸ ਵੱਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਖਿਲਾਫ਼ ਪ੍ਰਦਰਸ਼ਨ

Current Updates

Leave a Comment