April 9, 2025
ਖਾਸ ਖ਼ਬਰਰਾਸ਼ਟਰੀ

ਅਡਾਨੀ ’ਤੇ ਭਾਰਤੀ ਅਧਿਕਾਰੀਆਂ ਨੂੰ 2,100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼

ਅਡਾਨੀ ’ਤੇ ਭਾਰਤੀ ਅਧਿਕਾਰੀਆਂ ਨੂੰ 2,100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਕੇਂਦਰ ਨੂੰ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਮੁਕੰਮਲ ਜਾਂਚ ਕਰਨੀ ਚਾਹੀਦੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਹੀ ਅਡਾਨੀ ਗਰੁੱਪ ਦੋਸ਼ਾਂ ਹੇਠ ਘਿਰਿਆ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਇਹ ਮੁੱਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਧਰ ਸੀਪੀਐੱਮ ਨੇ ਕਿਹਾ ਕਿ ਸਰਕਾਰ ਹੁਣ ਕਿਸੇ ਨੂੰ ਗੁੰਮਰਾਹ ਨਹੀਂ ਕਰ ਸਕਦੀ ਹੈ ਕਿਉਂਕਿ ਅਜਿਹੇ ਦੋਸ਼ਾਂ ਦਾ ਪਤਾ ਭਾਰਤ ’ਚ ਨਹੀਂ ਸਗੋਂ ਅਮਰੀਕਾ ’ਚ ਲੱਗਾ ਹੈ।

ਅਡਾਨੀ ਮਾਮਲੇ ’ਚ ਕਾਨੂੰਨ ਆਪਣੀ ਕਾਰਵਾਈ ਕਰੇਗਾ: ਭਾਜਪਾ

ਨਵੀਂ ਦਿੱਲੀ: ਅਮਰੀਕਾ ’ਚ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਮਗਰੋਂ ਭਾਜਪਾ ਤਰਜਮਾਨ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ ਕਿ ਕਾਨੂੰਨ ਆਪਣੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਚਾਰ ਸੂਬਿਆਂ ਆਂਧਰਾ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ ਅਤੇ ਤਾਮਿਲਨਾਡੂ, ਜਿਥੇ ਸਰਕਾਰੀ ਅਫ਼ਸਰਾਂ ਨੂੰ ਅਡਾਨੀ ਗਰੁੱਪ ਵੱਲੋਂ 25 ਕਰੋੜ ਡਾਲਰ ਤੋਂ ਵਧ ਦੀ ਰਿਸ਼ਵਤ ਦੇਣ ਦੇ ਦੋਸ਼ ਲੱਗੇ ਹਨ, ’ਚ ਜਦੋਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਉਸ ਸਮੇਂ ਉਥੇ ਗ਼ੈਰ-ਭਾਜਪਾਈ ਸਰਕਾਰਾਂ ਸਨ। ਉਧਰ ਸੇਬੀ ਅਧਿਕਾਰੀਆਂ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ ਪਰ ਮਾਹਿਰਾਂ ਮੁਤਾਬਕ ਸੇਬੀ ਨੂੰ ਇਸ ਮਾਮਲੇ ਅਤੇ ਹੋਰ ਉਲੰਘਣਾ ਦੀ ਘੋਖ ਕਰਕੇ ਲੋੜੀਂਦੀ ਕਾਰਵਾਈ ਕਰਨੀ ਪਵੇਗੀ।

ਅਡਾਨੀ ਗਰੁੱਪ ਦੇ ਸ਼ੇਅਰ ਮੂਧੇ ਮੂੰਹ ਡਿੱਗੇ

ਮੁੰਬਈ: ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ’ਤੇ ਅਮਰੀਕਾ ਵਿੱਚ ਕਥਿਤ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲੱਗਣ ਮਗਰੋਂ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਮੁੱਖ ਸ਼ੇਅਰ ਸੂਚਕਅੰਕ ਸੈਂਸੈਕਸ ਤੇ ਨਿਫਟੀ ਮੂਧੇ ਮੂੰਹ ਡਿੱਗ ਗਏ। ਇਸ ਤੋਂ ਇਲਾਵਾ ਵਿਦੇਸ਼ੀ ਫੰਡਾਂ ਦੀ ਬੇਰੋਕ ਨਿਕਾਸੀ ਅਤੇ ਏਸ਼ਿਆਈ ਤੇ ਯੂਰਪੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਨੇ ਵੀ ਸ਼ੇਅਰ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ 422.59 ਅੰਕ ਜਾਂ 0.54 ਫੀਸਦ ਡਿੱਗ ਕੇ 77,155.79 ’ਤੇ ਬੰਦ ਹੋਇਆ। ਦਿਨ ਵਿੱਚ ਕਾਰੋਬਾਰ ਦੌਰਾਨ ਇੱਕ ਸਮੇਂ ਇਹ 775.65 ਅੰਕ ਤੱਕ ਡਿੱਗ ਗਿਆ ਸੀ। ਇਸੇ ਤਰ੍ਹਾਂ ਐੱਨਐੱਸਈ ਨਿਫਟੀ 168.60 ਅੰਕ ਜਾਂ 0.72 ਫੀਸਦ ਡਿੱਗ ਕੇ 23,349.90 ’ਤੇ ਆ ਗਿਆ। ਅਡਾਨੀ ਐਂਟਰਪ੍ਰਾਈਜਿਜ਼, ਅਡਾਨੀ ਐਨਰਜੀ ਸੋਲਿਊਸ਼ਨਜ਼, ਅਡਾਨੀ ਪੋਰਟਸ ਅਤੇ ਅਡਾਨੀ ਗਰੀਨ ਐਨਰਜੀ ਸਮੇਤ ਅਡਾਨੀ ਗਰੁੱਪ ਦੇ ਸਾਰੇ ਸ਼ੇਅਰਾਂ ਵਿੱਚ ਲਗਪਗ 23 ਫੀਸਦ ਤੱਕ ਗਿਰਾਵਟ ਦਰਜ ਕੀਤੀ ਗਈ।

ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ: ਰਾਹੁਲ

ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਮੰਗ ਕੀਤੀ ਹੈ ਕਿ ਅਮਰੀਕਾ ਦੀ ਅਦਾਲਤ ’ਚ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲੱਗਣ ਮਗਰੋਂ ਕਾਰੋਬਾਰੀ ਗੌਤਮ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਡਾਨੀ ਗਰੁੱਪ ਖ਼ਿਲਾਫ਼ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਖੜਗੇ ਨੇ ‘ਐਕਸ’ ’ਤੇ ਕਿਹਾ ਕਿ ਜਦੋਂ ਸਿਖਰਲੇ ਦਰਜੇ ਦੇ ਭਾਰਤੀ ਕਾਰੋਬਾਰੀ ’ਤੇ ਵਿਦੇਸ਼ੀ ਧਰਤੀ ’ਤੇ ਦੋਸ਼ ਲਾਏ ਜਾਂਦੇ ਹਨ ਤਾਂ ਇਸ ਨਾਲ ਆਲਮੀ ਪੱਧਰ ’ਤੇ ਮੁਲਕ ਦੇ ਅਕਸ ਨੂੰ ਢਾਹ ਲੱਗਦੀ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਕਾਰੋਬਾਰੀ ਨੇ ਭਾਰਤੀ ਅਤੇ ਅਮਰੀਕੀ ਕਾਨੂੰਨਾਂ ਦੀ ਘੋਰ ਉਲੰਘਣਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਏਕ ਹੈਂ ਤੋ ਸੇਫ ਹੈਂ’ ਨਾਅਰੇ ’ਤੇ ਤਨਜ਼ ਕਸਦਿਆਂ ਰਾਹੁਲ ਨੇ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਅਤੇ ਅਡਾਨੀ ਇਕੱਠੇ ਹਨ, ਉਹ ਭਾਰਤ ’ਚ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ। ਰਾਹੁਲ ਨੇ ਅਡਾਨੀ ਦਾ ਬਚਾਅ ਕਰਨ ਵਾਲੀ ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁੱਚ ਨੂੰ ਅਹੁਦੇ ਤੋਂ ਹਟਾ ਕੇ ਉਸ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਉਹ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਵੀ ਇਹ ਮੁੱਦਾ ਚੁਕਣਗੇ ਅਤੇ ਸਾਰੀ ਵਿਰੋਧੀ ਧਿਰ ਇਸ ਮਾਮਲੇ ’ਤੇ ਇਕਜੁੱਟ ਹੈ। ਅਡਾਨੀ ਗਰੁੱਪ ਖ਼ਿਲਾਫ਼ ਸਾਂਝੀ ਸੰਸਦੀ ਕਮੇਟੀ ਰਾਹੀਂ ਜਾਂਚ ਦੀ ਮੰਗ ਨੂੰ ਦੁਹਰਾਉਂਦਿਆਂ ਰਾਹੁਲ ਨੇ ਕਿਹਾ, “ਮੈਂ ਗਾਰੰਟੀ ਦੇ ਸਕਦਾ ਹਾਂ ਕਿ ਭਾਰਤ ਵਿੱਚ ਅਡਾਨੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਜਾਂਚ ਕੀਤੀ ਜਾਵੇਗੀ ਕਿਉਂਕਿ ਮੋਦੀ ਸਰਕਾਰ ਉਸ ਨੂੰ ਬਚਾਅ ਰਹੀ ਹੈ।’’ ਉਨ੍ਹਾਂ ਕਿਹਾ ਕਿ ਜਾਂਚ ਵਿੱਚ ਸਾਰੇ ਰਾਜ ਸ਼ਾਮਲ ਹੋਣੇ ਚਾਹੀਦੇ ਹਨ, ਚਾਹੇ ਉਥੇ ਕੋਈ ਵੀ ਪਾਰਟੀ ਸੱਤਾ ਵਿੱਚ ਹੋਵੇ।

ਕੀਨੀਆ ਵੱਲੋਂ ਅਡਾਨੀ ਗਰੁੱਪ ਨਾਲ ਏਅਰਪੋਰਟ ਤੇ ਊਰਜਾ ਸੌਦੇ ਰੱਦ

ਨੈਰੋਬੀ: ਕੀਨੀਆ ਨੇ ਅਡਾਨੀ ਗਰੁੱਪ ਨਾਲ ਕਰੋੜਾਂ ਡਾਲਰ ਦੇ ਏਅਰਪੋਰਟ ਵਿਸਤਾਰ ਅਤੇ ਊਰਜਾ ਸੌਦੇ ਰੱਦ ਕਰ ਦਿੱਤੇ ਹਨ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਰੂਟੋ ਨੇ ਕਿਹਾ ਕਿ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ ’ਚੋਂ ਇਕ ਗੌਤਮ ਅਡਾਨੀ ਖ਼ਿਲਾਫ਼ ਅਮਰੀਕਾ ਵੱਲੋਂ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲਾਏ ਜਾਣ ਮਗਰੋਂ ਅਡਾਨੀ ਗਰੁੱਪ ਨਾਲ ਇਨ੍ਹਾਂ ਸੌਦਿਆਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰਾਸ਼ਟਰਪਤੀ ਰੂਟੋ ਨੇ ਕੌਮ ਦੇ ਨਾਮ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਫ਼ੈਸਲਾ ਜਾਂਚ ਏਜੰਸੀਆਂ ਅਤੇ ਭਾਈਵਾਲ ਮੁਲਕਾਂ ਵੱਲੋਂ ਦਿੱਤੀ ਗਈ ਨਵੀਂ ਜਾਣਕਾਰੀ ਦੇ ਆਧਾਰ ’ਤੇ ਲਿਆ ਗਿਆ ਹੈ। ਉਂਝ ਉਨ੍ਹਾਂ ਅਮਰੀਕਾ ਦਾ ਨਾਮ ਨਹੀਂ ਲਿਆ। ਅਡਾਨੀ ਗਰੁੱਪ ਇਕ ਸਮਝੌਤੇ ’ਤੇ ਦਸਤਖ਼ਤ ਕਰਨ ਦੀ ਪ੍ਰਕਿਰਿਆ ’ਚ ਸੀ, ਜਿਸ ਤਹਿਤ ਰਾਜਧਾਨੀ ਨੈਰੋਬੀ ’ਚ ਕੀਨੀਆ ਦੇ ਮੁੱਖ ਹਵਾਈ ਅੱਡੇ ਦਾ ਆਧੁਨਿਕੀਕਰਨ ਕੀਤਾ ਜਾਣਾ ਸੀ ਅਤੇ ਹਵਾਈ ਪੱਟੀ ਤੇ ਟਰਮੀਨਲ ਦੀ ਉਸਾਰੀ ਹੋਣੀ ਸੀ। ਇਸ ਦੇ ਬਦਲੇ ’ਚ ਗਰੁੱਪ ਨੇ 30 ਸਾਲਾਂ ਤੱਕ ਹਵਾਈ ਅੱਡੇ ਦੇ ਅਪਰੇਸ਼ਨ ਦਾ ਕੰਮ ਸੰਭਾਲਣਾ ਸੀ। ਅਡਾਨੀ ਗਰੁੱਪ ਦੇ ਇਸ ਸੌਦੇ ਮਗਰੋਂ ਕੀਨੀਆ ’ਚ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਹੜਤਾਲ ਵੀ ਕਰ ਦਿੱਤੀ ਸੀ।

Related posts

ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੀਤੀ ਨਿੰਦਾ · ਕਿਹਾ, ਪੰਜਾਬ ਅੱਤਵਾਦ ਦੇ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ

Current Updates

ਮੁੱਖ ਮੰਤਰੀ ਦੀ ਅਗਵਾਈ ਵਿਚ ਵਜ਼ਾਰਤ ਵੱਲੋਂ ਕਿਰਤੀ ਵਰਗ ਨੂੰ ਮਜ਼ਦੂਰ ਦਿਹਾੜੇ ਦਾ ਤੋਹਫ਼ਾ

Current Updates

ਸੁਪਰੀਮ ਕੋਰਟ ਨੂੰ ਸਿਆਸੀ ਪਾਰਟੀਆਂ ਤੇ ਨੇਤਾਵਾਂ ਦੀਆਂ ਨਵੀਆਂ ਪਟੀਸ਼ਨਾਂ ’ਤੇ ਇਤਰਾਜ਼

Current Updates

Leave a Comment