April 8, 2025
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ’ਚ ਹਵਾ ਪ੍ਰਦੂਸ਼ਣ ਤੇ ਧੁੰਦ ਦਾ ਕਹਿਰ ਬਰਕਰਾਰ

ਪੰਜਾਬ ’ਚ ਹਵਾ ਪ੍ਰਦੂਸ਼ਣ ਤੇ ਧੁੰਦ ਦਾ ਕਹਿਰ ਬਰਕਰਾਰ

ਚੰਡੀਗੜ੍ਹ-ਪੰਜਾਬ ਵਿੱਚ ਕਈ ਦਿਨਾਂ ਤੋਂ ਵਧੇ ਹਵਾ ਪ੍ਰਦੂਸ਼ਣ ਦੇ ਨਾਲ ਪੈ ਰਹੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉੱਥੇ ਹੀ ਲੰਘੀ ਰਾਤ ਚੱਲੇ ਪਟਾਕਿਆਂ ਨੇ ਪੰਜਾਬ ਦੀ ਹਵਾ ਨੂੰ ਹੋਰ ਪਲੀਤ ਕਰ ਕੇ ਰੱਖ ਦਿੱਤਾ ਹੈ। ਹਵਾ ਪ੍ਰਦੂਸ਼ਣ ਤੇ ਧੁੰਦ ਕਰ ਕੇ ਲੋਕਾਂ ਨੂੰ ਸੜਕਾਂ ’ਤੇ ਦਿਖਣਾ ਬੰਦ ਹੋ ਗਿਆ ਹੈ, ਜਿਸ ਕਰ ਕੇ ਵਾਹਨ ਚਲਾਉਣ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿੱਚ ਅੰਮ੍ਰਿਤਸਰ ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ ਹੈ, ਜਿੱਥੇ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) 325 ਤੋਂ ਟੱਪ ਗਿਆ ਹੈ। ਅਜਿਹੇ ਹਾਲਾਤ ਵਿੱਚ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਮੁਤਾਬਕ ਪਟਿਆਲਾ ਦਾ ਏਕਿਊਆਈ 235, ਮੰਡੀ ਗੋਬਿੰਦਗੜ੍ਹ ਦਾ 224, ਲੁਧਿਆਣਾ ਦਾ 218, ਜਲੰਧਰ ਦਾ 217, ਖੰਨਾ ਦਾ 179 ਅਤੇ ਰੂਪਨਗਰ ਦਾ ਏਕਿਊਆਈ 155 ਦਰਜ ਕੀਤਾ ਗਿਆ। ਹਾਲਾਂਕਿ, ਅੱਜ ਪੰਜਾਬ ਦੀ ਹਵਾ ਹਰਿਆਣਾ ਨਾਲੋਂ ਵਧੇਰੇ ਸਾਫ਼ ਦਰਜ ਕੀਤੀ ਗਈ। ਹਰਿਆਣਾ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਬਹੁਤ ਖ਼ਰਾਬ ਦਰਜ ਕੀਤਾ ਗਿਆ।

ਉੱਧਰ, ਸ਼ਾਮ ਸਮੇਂ ਅੰਮਿਤਸਰ ਵਿੱਚ ਮੀਂਹ ਪਿਆ। ਇਸੇ ਦੌਰਾਨ ਮੌਸਮ ਵਿਭਾਗ ਨੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਤੇ ਆਲੇ-ਦੁਆਲੇ ਦੇ ਹੋਰ ਇਲਾਕਿਆਂ ਵਿੱਚ ਵੀ ਰਾਤ ਸਮੇਂ ਕਿਣ-ਮਿਣ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ 17 ਨਵੰਬਰ ਨੂੰ ਵੀ ਪੰਜਾਬ ਵਿੱਚ ਧੁੰਦ ਦਾ ਕਹਿਰ ਜਾਰੀ ਰਹੇਗਾ। ਇਸ ਲਈ ਮੌਸਮ ਵਿਗਿਆਨੀਆਂ ਨੇ ਯੈੱਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਬਠਿੰਡਾ ਸਣੇ ਹੋਰਨਾਂ ਕਈ ਸ਼ਹਿਰਾਂ ਵਿੱਚ ਅੱਜ ਸਵੇਰ ਸਮੇਂ ਦੇਖਣ ਦੀ ਹੱਦ ਬਹੁਤ ਘੱਟ ਸੀ, ਜਿਸ ਕਰ ਕੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਂਦ ਵਿੱਚ ਏਕਿਊਆਈ 401 ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਭਿਵਾਨੀ ਵਿੱਚ 392, ਬਹਾਦਰਗੜ੍ਹ ਵਿੱਚ 383, ਪਾਣੀਪਤ ਵਿੱਚ 357, ਕੈਥਲ ਵਿੱਚ 321, ਰੋਹਤਕ ਵਿੱਚ 309, ਚਰਖੀ ਦਾਦਰੀ ਵਿੱਚ 297, ਗੁਰੂਗ੍ਰਾਮ ਵਿੱਚ 297, ਕੁਰੂਕਸ਼ੇਤਰ ਵਿੱਚ 289, ਕਰਨਾਲ ਵਿੱਚ 285, ਪੰਚਕੂਲਾ ਵਿੱਚ 227 ਅਤੇ ਅੰਬਾਲਾ ਵਿੱਚ ਏਕਿਊਆਈ 209 ਦਰਜ ਕੀਤਾ ਗਿਆ।

ਹਰਿਆਣਾ ਵਿੱਚ ਡੀਸੀ ਆਪਣੇ ਪੱਧਰ ’ਤੇ ਪੰਜਵੀਂ ਜਮਾਤ ਤੱਕ ਕਰ ਸਕਦੇ ਨੇ ਛੁੱਟੀਆਂ-ਹਰਿਆਣਾ ਸਰਕਾਰ ਨੇ ਸੂਬੇ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਪੱਧਰ ’ਤੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਛੁੱਟੀਆਂ ਕਰਨ ਦੀਆਂ ਸ਼ਕਤੀਆਂ ਦੇ ਦਿੱਤੀਆਂ ਹਨ। ਹਰਿਆਣਾ ਸਰਕਾਰ ਨੇ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਹਵਾ ਪ੍ਰਦੂਸ਼ਣ ਵਧਣ ’ਤੇ ਉਹ ਆਪਣੇ ਪੱਧਰ ’ਤੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਛੁੱਟੀਆਂ ਕਰ ਸਕਦੇ ਹਨ।

ਅੰਮ੍ਰਿਤਸਰ  –ਅੰਮ੍ਰਿਤਸਰ ’ਚ ਹਲਕਾ ਮੀਂਹ ਪਿਆ ,ਇੱਥੇ ਅੱਜ ਬਾਅਦ ਦੁਪਹਿਰ ਹਲਕਾ ਮੀਂਹ ਪਿਆ, ਜਿਸ ਨਾਲ ਅਸਮਾਨ ਵਿੱਚ ਬਣੀ ਧੂੰਏਂ ਦੀ ਪਰਤ ਅਤੇ ਸੰਘਣੀ ਧੁੰਦ ਤੋਂ ਰਾਹਤ ਮਿਲੀ ਹੈ। ਅੱਜ ਲਗਪਗ ਸਾਰਾ ਦਿਨ ਧੁੰਦ ਛਾਈ ਰਹੀ ਪਰ ਬਾਅਦ ਦੁਪਹਿਰ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ। ਭਾਵੇਂ ਕੁਝ ਦੇਰ ਮੀਂਹ ਪਿਆ ਪਰ ਇਸ ਤੋਂ ਬਾਅਦ ਬੱਦਲਵਾਈ ਰਹੀ। ਇਸ ਮਗਰੋਂ ਸ਼ਾਮ ਵੇਲੇ ਮੁੜ ਧੁੰਦ ਪੈਣੀ ਸ਼ੁਰੂ ਹੋ ਗਈ। ਮੌਸਮ ਵਿਭਾਗ ਵੱਲੋਂ ਕੀਤੀ ਪੇਸ਼ੀਨਗੋਈ ਅਨੁਸਾਰ ਭਲਕੇ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਸਵੇਰੇ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਸੰਘਣੀ ਧੁੰਦ ਕਾਰਨ ਹਵਾਈ ਅੱਡੇ ’ਤੇ ਘਰੇਲੂ ਅਤੇ ਵਿਦੇਸ਼ੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

 

Related posts

ਪ੍ਰਧਾਨ ਮੰਤਰੀ ਨੇ 5800 ਕਰੋੜ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ,ਜਾਰੀ ਕੀਤਾ ਸਿੱਕਾ ਤੇ ਡਾਕ ਟਿਕਟ

Current Updates

ਚੈਂਪੀਅਨਜ਼ ਟਰਾਫੀ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖਿਤਾਬੀ ਮੁਕਾਬਲਾ ਅੱਜ

Current Updates

‘ਅਦਾਲਤ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ’, ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ; ਪੰਜਾਬ ਸਰਕਾਰ ਨੂੰ ਵੀ ਦਿੱਤੀਆਂ ਹਦਾਇਤਾਂ

Current Updates

Leave a Comment