ਸਲਾਮ ਕਾਫ਼ਲੇ ਵੱਲੋਂ, 11 ਜੂਨ ਨੂੰ ਪਟਿਆਲਾ ‘ਚ ਉਨ੍ਹਾਂ ਦੀ ਯਾਦ ਵਿੱਚ ਕੀਤਾ ਜਾਵੇਗਾ ਸਮਾਗਮ
ਪਿਛਲੇ ਦਿਨੀਂ ਵਿਛੋੜਾ ਦੇ ਗਏ ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਨਾਮਵਰ ਚਿੰਤਕ ਡਾ ਸੁਰਜੀਤ ਲੀ ਨੂੰ ਪਟਿਆਲਾ ਵਿਖੇ ਵੱਡੀ ਗਿਣਤੀ ‘ਚ ਜੁੜੇ ਲੋਕਾਂ ਨੇ ਸ਼ਰਧਾਂਜਲੀ ਅਰਪਿਤ ਕੀਤੀਆਂ। ਉਹਨਾਂ ਨੇ ਪਰਿਵਾਰ ਵੱਲੋਂ ਪਾਮ ਕੋਰਟਸ, ਪਟਿਆਲਾ ‘ਚ ਕੀਤੇ ਗਏ ਸ਼ਰਧਾਂਜਲੀ ਸਮਾਗਮ ‘ਚ ਪੰਜਾਬ ਦੇ ਬੁੱਧੀਜੀਵੀਆਂ, ਸਾਹਿਤਕਾਰਾਂ ਤੇ ਉਨ੍ਹਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਦੀਆਂ ਸ਼ੰਘਰਸ਼ਸ਼ੀਲ ਲੋਕ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਸਮੁੱਚੇ ਇਕੱਠ ਵੱਲੋਂ ਉਹਨਾਂ ਦੀ ਯਾਦ ਨੂੰ ਸਿਜਦਾ ਕਰਨ ਲਈ 2 ਮਿੰਟ ਦਾ ਮੋਨ ਰੱਖਣ ਰਾਹੀਂ ਹੋਈ। ਸਭ ਤੋਂ ਪਹਿਲਾਂ ਉਹਨਾਂ ਦੇ ਮਿੱਤਰ ਤੇ ਚਿੰਤਕ ਡਾ. ਪਰਮਿੰਦਰ ਨੇ ਉਹਨਾਂ ਵੱਲੋਂ ਲੋਕ ਸਭਿਆਚਾਰ ਦੇ ਖੇਤਰ ਵਿੱਚ ਕੀਤੇ ਖੋਜ ਕਾਰਕਾਂ ਨੇ ਬੁਨਿਆਦੀ ਸਰੋਕਾਰਾਂ ਦੀ ਚਰਚਾ ਕੀਤੀ ਅਤੇ ਉਹਨਾਂ ਨੂੰ ਲੋਕ ਪੱਖੀ ਬੁੱਧੀਜੀਵੀ ਕਰਾਰ ਦਿੰਦਿਆਂ ਉਹਨਾਂ ਦੇ ਵਿਚਾਰਾਂ ਦੇ ਮਹੱਤਵ ਨੂੰ ਬੁੱਝਣ ਦਾ ਸੱਦਾ ਦਿੱਤਾ। ਉੁੱਘੇ ਕਵੀ ਸੁਰਜੀਤ ਪਾਤਰ, ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਦੇ ਕੰਨਵੀਨਰ ਜਸਪਾਲ ਜੱਸੀ, ਇਨਕਲਾਬੀ ਕਵੀ ਦਰਸ਼ਨ ਖਟਕੜ, ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਡਾ ਸੁਖਦੇਵ ਸਿਰਸਾ ਨੇ ਸੁਰਜੀਤ ਲੀ ਦੇ ਸਮਾਜਿਕ ਸਰੋਕਾਰਾਂ ‘ਚ ਕਿਰਤੀ-ਕਿਸਾਨਾਂ ਦੇ ਕੇਂਦਰੀ ਸਥਾਨ ਬਾਰੇ ਚਰਚਾ ਕੀਤੀ।ਸਾਹਿਤਕ- ਸਭਿਆਚਾਰਕ ਖੇਤਰਾਂ ਤੇ ਲੋਕਾਂ ਦੇ ਹੱਕੀ ਸ਼ੰਘਰਸ਼ਾਂ ਦੇ ਆਪਸੀ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ‘ਤੇ ਜੋਰ ਦਿੱਤਾ ਅਤੇ ਸਮਾਜਿਕ ਤਬਦੀਲੀ ਲਈ ਲੋਕ ਮਨਾਂ ਦੀ ਹੋਰ ਡੂੰਘੀ ਥਾਂ ਪਾਉਣ ਖਾਤਰ ਲੋਕ ਧਾਰਾ ਦੇ ਅਧਿਐਨ ਦੇ ਮਹੱਤਵ ਨੂੰ ਸਮਝਣ ਦਾ ਮਹੱਤਵ ਉਤਾਰਿਆ। ਫਿਰਕੂ ਪਾਟਕਾਂ ਦੇ ਦੌਰ ‘ਚ ਲੋਕ ਸਭਿਆਚਾਰ ਦੀਆਂ ਹਕੀਕੀ ਬੁਨਿਆਦਾਂ ਦੀ ਪਛਾਣ ਕਰਨ ਅਤੇ ਇਹਨਾਂ ਦਾ ਸੰਚਾਰ ਕਰਨ ਦੇ ਸਰੋਕਾਰਾਂ ਦੀ ਚਰਚਾ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਦੀ ਅਧਿਆਪਕ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਡਾ ਰਣਜੀਤ ਸਿੰਘ ਘੁੰਮਣ ਨੇ ਜਥੇਬੰਦੀ ‘ਚ ਉਹਨਾਂ ਦੇ ਰੋਲ ਦੇ ਮਹੱਤਵ ਬਾਰੇ ਗੱਲਾਂ ਕੀਤੀਆਂ। ਡਾ ਜੋਗਾ ਸਿੰਘ ਅਤੇ ਧਰਮਿੰਦਰ ਨੇ ਉਹਨਾਂ ਦੇ ਵਿਦਿਆਰਥੀ ਵਜੋਂ ਭਾਸ਼ਾ ਦੇ ਖੇਤਰ ਦੀਆਂ ਖੋਜਾਂ ਲਈ ਦਿਖਾਏ ਰਾਹ ਦੀ ਤੇ ਉਹਨਾਂ ਦੇ ਵਿਦਿਆਰਥੀਆਂ ਨਾਲ ਨਿੱਘੇ ਰਿਸ਼ਤੇ ਨੂੰ ਯਾਦ ਕੀਤਾ ਤੇ ਵਿਦਿਆਰਥੀਆਂ ਨਾਲ ਸਾਂਝ ਪਾਉਣ ਦੀ ਤਾਂਘ ਨੂੰ ਸਿਜਦਾ ਕੀਤਾ। ਸ਼ਰਧਾਂਜਲੀ ਸਮਾਗਮ ਦੇ ਅੰਤ ‘ਤੇ ਸਲਾਮ ਕਾਫਲੇ ਵੱਲੋਂ ਅਮੋਲਕ ਸਿੰਘ ਨੇ ਐਲਾਨ ਕੀਤਾ ਕਿ ਸਲਾਮ ਕਾਫਲਾ ਵੱਲੋਂ 11 ਜੂਨ ਨੂੰ ਪਟਿਆਲੇ ‘ਚ ਉਹਨਾਂ ਨੂੰ ਸਰਧਾਂਜਲੀ ਦੇਣ ਲਈ ਸਮਾਗਮ ਜਥੇਬੰਦ ਕੀਤਾ ਜਾਵੇਗਾ ਜਿੱਥੇ ਬੁੱਧੀਜੀਵੀ ਤੇ ਸਮਾਜਿਕ ਮਹੱਤਵ ਬਾਰੇ ਚਰਚਾ ਕੀਤੀ ਜਾਵੇਗੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ ਅਰਵਿੰਦ ਸਮੇਤ ਦੇਸ਼ ਵਿਦੇਸ਼ ਤੋਂ ਬੁੱਧੀਜੀਵੀਆਂ ਤੇ ਉੱਘੀਆਂ ਸਖਸੀਅਤਾਂ ਵੱਲੋਂ ਭੇਜੇ ਸ਼ੋਕ ਸੁਨੇਹੇ ਡਾ ਪਰਮਿੰਦਰ ਨੇ ਮੰਚ ਸੰਚਾਲਕ ਵੱਜੋਂ ਸਾਂਝੇ ਕੀਤੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ, ਰਮਿੰਦਰ ਸਿੰਘ ਪਟਿਆਲਾ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਵਿੱਤ ਸਕੱਤਰ ਹਰਮੇਲ ਮਾਲੜੀ, ਜਗਮੋਹਨ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਜਗਮੇਲ ਸਿੰਘ ਤੇ ਸ਼ੀਰੀ ਆਗੂ ਲੋਕ ਮੋਰਚਾ ਪੰਜਾਬ, ਸਮਾਜਿਕ ਚਿੰਤਕ ਅਮਨ ਅਰੋੜਾ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ, ਅਮਨਦੀਪ ਸਿੰਘ, ਨੌਜਵਾਨ ਭਾਰਤ ਸਭਾ ਤੋਂ ਅਸਵਨੀ ਘੁੱਦਾ, ਡਾ. ਬਰਜਿੰਦਰ ਸਿੰਘ ਸੋਹਲ, ਡੈਮੋਕਰੈਟਿਕ ਟੀਚਰਜ਼ ਫਰੰਟ, ਪੰਜਾਬ ਤੋਂ ਰੇਸ਼ਮ ਸਿੰਘ ਬਠਿੰਡਾ, ਤਲਵਿੰਦਰ ਸਿੰਘ ਖਰੌੜ, ਭਾਕਿਯੂ ਉਗਰਾਹਾਂ ਪਟਿਆਲਾ ਦੇ ਜਿਲ੍ਹਾ ਸਕੱਤਰ ਸੁੱਖਮਿੰਦਰ ਸਿੰਘ ਬਾਰਨ ਤੇ ਹੋਰ ਆਗੂ ਸ਼ਾਮਲ ਹੋਏ।
ਪਰਿਵਾਰ ਵੱਲੋਂ ਸੁਰਜੀਤ ਲੀ ਦੀ ਬੇਟੀ ਸ਼ਾਹੀਨਾਂ ਸੋਹੀ ਨੇ ਸਭਨਾਂ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ।