ਜਲੰਧਰ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਜ਼ੋਨਲ ਦਫ਼ਤਰ ਨੇ ਵਿਊਨਾਓ ਗਰੁੱਪ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 39.73 ਕਰੋੜ ਰੁਪਏ ਦੀਆਂ ਹੋਰ ਚੱਲ ਅਤੇ ਅਚੱਲ ਜਾਇਦਾਦਾਂ ਕੁਰਕ ਕਰਨ ਦੇ ਆਰਜ਼ੀ ਹੁਕਮ ਜਾਰੀ ਕੀਤੇ ਹਨ। ਇਸ ਕਾਰਵਾਈ ਨਾਲ ਇਸ ਮਾਮਲੇ ਵਿੱਚ ਈਡੀ ਵੱਲੋਂ ਹੁਣ ਤੱਕ ਕੁਰਕ ਕੀਤੀਆਂ ਜਾਇਦਾਦਾਂ ਦੀ ਕੁੱਲ ਕੀਮਤ 236.95 ਕਰੋੜ ਰੁਪਏ ਹੋ ਗਈ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੀ ਧਾਰਾ 5(1) ਤਹਿਤ ਕੀਤੀ ਗਈ ਹੈ। ਕੁਰਕ ਕੀਤੀਆਂ ਜਾਇਦਾਦਾਂ ਵਿੱਚ 39.29 ਕਰੋੜ ਰੁਪਏ ਦੇ 61 ਫਲੈਟ, ਰਿਹਾਇਸ਼ੀ ਮਕਾਨ ਅਤੇ ਵਪਾਰਕ ਪਲਾਟ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਬੈਂਕ ਖਾਤੇ ਵਿੱਚ ਪਈ 44.31 ਲੱਖ ਰੁਪਏ ਦੀ ਰਕਮ ਵੀ ਕੁਰਕ ਕੀਤੀ ਗਈ ਹੈ। ਇਹ ਜਾਇਦਾਦਾਂ ਵਿਊਨਾਓ ਇਨਫੋਟੈੱਕ ਪ੍ਰਾਈਵੇਟ ਲਿਮਟਿਡ ਅਤੇ ਇਸ ਨਾਲ ਜੁੜੀਆਂ ਹੋਰ ਇਕਾਈਆਂ ਦੇ ਨਾਂ ’ਤੇ ਹਨ। ਈਡੀ ਅਨੁਸਾਰ ਇਨ੍ਹਾਂ ਇਕਾਈਆਂ ਦੀ ਵਰਤੋਂ ਅਪਰਾਧ ਦੀ ਕਮਾਈ ਨੂੰ ਹੋਰ ਥਾਵਾਂ ’ਤੇ ਭੇਜਣ ਅਤੇ ਖਪਤ ਕਰਨ ਲਈ ਕੀਤੀ ਗਈ ਸੀ।
ਮਾਈ ਕਲਾਊਡ ਪਾਰਟੀਕਲ ਯੋਜਨਾ ਰਾਹੀਂ ਨਿਵੇਸ਼ਕਾਂ ਤੋਂ ਇਕੱਠੇ ਕੀਤੇ 3,717 ਕਰੋੜ ਈਡੀ ਨੇ ਇਸ ਮਾਮਲੇ ਦੀ ਜਾਂਚ ਉੱਤਰ ਪ੍ਰਦੇਸ਼ ਦੇ ਨੋਇਡਾ ਸਥਿਤ ਸੈਕਟਰ-58 ਥਾਣੇ ਵਿੱਚ ਦਰਜ ਐੱਫਆਈਆਰ ਅਤੇ ਹੋਰਨਾਂ ਸੂਬਿਆਂ ਵਿੱਚ ਦਰਜ ਕੇਸਾਂ ਦੇ ਆਧਾਰ ’ਤੇ ਸ਼ੁਰੂ ਕੀਤੀ ਸੀ। ਜਾਂਚ ਵਿਊਨਾਓ ਗਰੁੱਪ ਦੀ ‘ਮਾਈ ਕਲਾਊਡ ਪਾਰਟੀਕਲ’ ਯੋਜਨਾ ਨਾਲ ਸਬੰਧਤ ਹੈ। ਇਸ ਯੋਜਨਾ ਤਹਿਤ ਨਿਵੇਸ਼ਕਾਂ ਨੂੰ ਡਾਟਾ ਸੈਂਟਰ ਦੀਆਂ ਜਾਇਦਾਦਾਂ ਜਾਂ ‘ਕਲਾਊਡ ਪਾਰਟੀਕਲ’ ਖਰੀਦਣ ਲਈ ਕਿਹਾ ਜਾਂਦਾ ਸੀ। ਇਸ ਦੇ ਨਾਲ ਹੀ ਵਿਕਰੀ ਅਤੇ ਮੁੜ ਲੀਜ਼ ’ਤੇ ਦੇਣ ਦੇ ਮਾਡਲ ਤਹਿਤ 120 ਮਹੀਨਿਆਂ ਤੱਕ ਹਰ ਮਹੀਨੇ ਨਿਸ਼ਚਿਤ ਕਿਰਾਇਆ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਨਿਵੇਸ਼ਕਾਂ ਨੂੰ ਦਿਖਾਈ ਗਈ ਡਾਟਾ ਸਟੋਰੇਜ ਸਮਰੱਥਾ ਅਸਲ ਵਿੱਚ ਸਰਵਰਾਂ ਦੀ ਮੌਜੂਦਾ ਸਮਰੱਥਾ ਨਾਲੋਂ ਕਿਤੇ ਵੱਧ ਸੀ। ਈਡੀ ਅਨੁਸਾਰ ਕੰਪਨੀ ਨੇ ਅਜਿਹੇ ਕਲਾਊਡ ਪਾਰਟੀਕਲ ਵੇਚ ਕੇ ਨਿਵੇਸ਼ਕਾਂ ਤੋਂ 3,717 ਕਰੋੜ ਰੁਪਏ ਇਕੱਠੇ ਕੀਤੇ, ਜਦਕਿ ਕੰਪਨੀ ਕੋਲ ਇਹ ਕਲਾਊਡ ਪਾਰਟੀਕਲ ਅਸਲ ਵਿੱਚ ਮੌਜੂਦ ਹੀ ਨਹੀਂ ਸਨ।
1,917 ਕਰੋੜ ਰੁਪਏ ਹੋਰ ਥਾਵਾਂ ’ਤੇ ਭੇਜਣ ਦਾ ਦੋਸ਼ ਜਾਂਚ ਮੁਤਾਬਕ ਕੰਪਨੀ ਨੇ ਸ਼ੁਰੂਆਤੀ ਨਿਵੇਸ਼ਕਾਂ ਨੂੰ 1,800 ਕਰੋੜ ਰੁਪਏ ਵਾਪਸ ਕੀਤੇ, ਜਦਕਿ ਬਾਕੀ ਲਗਪਗ 1,917 ਕਰੋੜ ਰੁਪਏ ਹੋਰ ਥਾਵਾਂ ’ਤੇ ਭੇਜ ਦਿੱਤੇ ਗਏ। ਇਸ ਤਰ੍ਹਾਂ ਨਿਵੇਸ਼ਕਾਂ ਨੂੰ ਨਾ ਤਾਂ ਵਾਅਦੇ ਮੁਤਾਬਕ ਕੋਈ ਰਿਟਰਨ ਮਿਲਿਆ ਅਤੇ ਨਾ ਹੀ ਉਨ੍ਹਾਂ ਦੀ ਬਾਕੀ ਨਿਵੇਸ਼ ਕੀਤੀ ਰਕਮ ਵਾਪਸ ਕੀਤੀ ਗਈ।
ਇਸ ਮਾਮਲੇ ਵਿੱਚ ਈਡੀ ਪਹਿਲਾਂ ਸੁਖਵਿੰਦਰ ਸਿੰਘ ਖਰੌੜ, ਡਿੰਪਲ ਖਰੌੜ ਅਤੇ ਆਰਿਫ਼ ਨਿਸਾਰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਪਹਿਲਾਂ 178.12 ਕਰੋੜ ਅਤੇ 19.1 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਆਰਜ਼ੀ ਹੁਕਮ ਵੀ ਜਾਰੀ ਕੀਤੇ ਗਏ ਸਨ। ਪਿਛਲੇ ਸਾਲ ਅਪਰੈਲ ਵਿੱਚ ਇਨ੍ਹਾਂ ਮੁਲਜ਼ਮਾਂ ਅਤੇ ਸਬੰਧਤ ਇਕਾਈਆਂ ਖ਼ਿਲਾਫ਼ ਜਲੰਧਰ ਦੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ਵਿੱਚ ਇਸਤਗਾਸਾ ਸ਼ਿਕਾਇਤ ਵੀ ਦਾਇਰ ਕੀਤੀ ਗਈ ਸੀ। ਈਡੀ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਕੁਰਕ ਕੀਤੀਆਂ ਜਾਇਦਾਦਾਂ ਪਹਿਲਾਂ ਦੀਆਂ ਕਾਰਵਾਈਆਂ ਤੋਂ ਵੱਖਰੀਆਂ ਹਨ
